Punjab News: 23 ਨਵੰਬਰ ਨੂੰ ਲੱਗੇਗੀ ‘ਪੈਨਸ਼ਨ ਅਦਾਲਤ’
ਆਡੀਟੋਰੀਅਮ ਹਾਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਪੈਨਸ਼ਨ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ
ਪੈਨਸ਼ਨਰ ਅਤੇ ਪਰਿਵਾਰਕ ਪੈਨਸ਼ਨਰ 23 ਨਵੰਬਰ ਤੋਂ ਪਹਿਲਾਂ ਦਸਤੀ, ਡਾਕ ਜਾਂ ਈਮੇਲ ਰਾਹੀਂ ਦੇ ਸਕਦੇ ਹਨ ਅਰਜ਼ੀਆਂ
ਸੰਗਰੂਰ, 9 ਨਵੰਬਰ
ਡਿਪਟੀ ਕਮਿਸ਼ਨਰ, ਸੰਗਰੂਰ, ਪੂਨਮਦੀਪ ਕੌਰ, ਆਈ.ਏ.ਐੱਸ., ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਅਤੇ ਨਿਪਟਾਰੇ ਲਈ 23 ਨਵੰਬਰ ਨੂੰ ਸੰਗਰੂਰ ਵਿਖੇ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਲਗਾਈ ਜਾਵੇਗੀ। ਇਹ ਅਦਾਲਤ ਆਡੀਟੋਰੀਅਮ ਹਾਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗੇਗੀ।
ਉਨ੍ਹਾਂ ਦੱਸਿਆ ਕਿ ‘ਆਡਿਟ ਦਿਵਸ’ ਮੌਕੇ ਇਹ ਅਦਾਲਤ ਮਹਾਂਲੇਖਾਕਾਰ (ਲੇਖਾ ਤੇ ਹੱਕਦਾਰੀ), ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ। ਅਦਾਲਤ ਵਿੱਚ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸਬੰਧਤ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਦਾਲਤ ਵਿੱਚ ਪੈਨਸ਼ਨ ਮਨਜ਼ੂਰ ਕਰਨ ਵਾਲੇ ਅਧਿਕਾਰੀ, ਸਬੰਧਤ ਵਿਭਾਗਾਂ ਦੇ ਡਰਾਇੰਗ ਤੇ ਡਿਸਬਰਸਿੰਗ ਅਫ਼ਸਰ (ਡੀ.ਡੀ.ਓ.), ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਅਤੇ ਸਬੰਧਤ ਬੈਂਕਾਂ ਦੇ ਅਧਿਕਾਰੀ ਹਾਜ਼ਰ ਰਹਿਣਗੇ। ਮਹਾਂਲੇਖਾਕਾਰ ਦਫ਼ਤਰ ਦੇ ਨੁਮਾਇੰਦੇ ਵੀ ਅਦਾਲਤ ਵਿੱਚ ਸ਼ਾਮਲ ਹੋਣਗੇ ਤਾਂ ਜੋ ਸ਼ਿਕਾਇਤਾਂ ਦੀ ਪੜਤਾਲ ਅਤੇ ਨਿਪਟਾਰੇ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਸਕੇ।
ਪੂਨਮਦੀਪ ਕੌਰ ਨੇ ਅਪੀਲ ਕੀਤੀ ਕਿ ਜਿਨ੍ਹਾਂ ਪੈਨਸ਼ਨਰਾਂ ਜਾਂ ਪਰਿਵਾਰਕ ਪੈਨਸ਼ਨਰਾਂ ਦੀ ਕੋਈ ਪੈਨਸ਼ਨ ਸਬੰਧੀ ਸ਼ਿਕਾਇਤ ਬਕਾਇਆ ਹੈ, ਉਹ 23 ਨਵੰਬਰ ਤੋਂ ਪਹਿਲਾਂ ਆਪਣੀ ਅਰਜ਼ੀ ਡਿਪਟੀ ਕਮਿਸ਼ਨਰ ਦਫ਼ਤਰ, ਸੰਗਰੂਰ ਵਿਖੇ ਦਸਤੀ ਜਮ੍ਹਾਂ ਕਰਵਾ ਸਕਦੇ ਹਨ ਜਾਂ ਡਾਕ ਰਾਹੀਂ ਭੇਜ ਸਕਦੇ ਹਨ। ਅਰਜ਼ੀ ਈਮੇਲ ਰਾਹੀਂ dc.sgr@punjab.gov.in ਜਾਂ ceadcofficesangrur@gmail.com ’ਤੇ ਵੀ ਭੇਜੀ ਜਾ ਸਕਦੀ ਹੈ।





