34 ਸਾਲ ਪੁਰਾਣੇ ਹਿਰਾਸਤੀ ਲਾਪਤਾ ਮਾਮਲੇ ’ਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਦੋਸ਼ੀ ਕਰਾਰ, ਵੀਰਵਾਰ ਨੂੰ ਸੁਣਾਈ ਜਾਵੇਗੀ ਸਜ਼ਾ

Top Trending News ਚੰਡੀਗੜ੍ਹ ਪੰਜਾਬ

 

34 ਸਾਲ ਪੁਰਾਣੇ ਹਿਰਾਸਤੀ ਲਾਪਤਾ ਮਾਮਲੇ ’ਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਦੋਸ਼ੀ ਕਰਾਰ, ਵੀਰਵਾਰ ਨੂੰ ਸੁਣਾਈ ਜਾਵੇਗੀ ਸਜ਼ਾ

ਮੋਹਾਲੀ, 11 ਨਵੰਬਰ 2026: ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਪੁਲਿਸ ਹਿਰਾਸਤ ਵਿੱਚੋਂ ਲਾਪਤਾ ਹੋਏ ਲੋਕਾਂ ਨਾਲ ਸਬੰਧਤ ਇੱਕ ਅਹਿਮ ਮਾਮਲੇ ਵਿੱਚ 34 ਸਾਲ ਬਾਅਦ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ।

ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 1992 ਵਿੱਚ ਟਰਾਂਸਪੋਰਟਰ ਅਮਰੀਕ ਸਿੰਘ ਸਕਰੀ ਦੇ ਅਗਵਾ ਅਤੇ ਲਾਪਤਾ ਹੋਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਐੱਸਐੱਸਪੀ ਗੁਰਮੀਤ ਸਿੰਘ ਰੰਧਾਵਾ (Former SSP Gurmeet Singh Randhawa) ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੀਰਵਾਰ ਨੂੰ ਉਨ੍ਹਾਂ ਦੀ ਸਜ਼ਾ ਬਾਰੇ ਫੈਸਲਾ ਸੁਣਾਏਗੀ।

ਵਿਸ਼ੇਸ਼ ਸੀਬੀਆਈ ਜੱਜ ਯੁਕਤੀ ਗੋਇਲ ਦੀ ਅਦਾਲਤ ਨੇ ਇਸ ਮਾਮਲੇ ਦੇ ਦੂਜੇ ਮੁਲਜ਼ਮ ਪਰਮਿੰਦਰਜੀਤ ਨੂੰ ਸਬੂਤਾਂ ਦੀ ਘਾਟ ਅਤੇ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ।

ਸੀਬੀਆਈ ਜਾਂਚ ਅਨੁਸਾਰ, 25 ਨਵੰਬਰ 1992 ਨੂੰ ਅਮਰੀਕ ਸਿੰਘ ਸਕਰੀ ਲੁਧਿਆਣਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ, ਜਿੱਥੋਂ ਕਥਿਤ ਤੌਰ ’ਤੇ ਤਰਨਤਾਰਨ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਇਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਪੀੜਤ ਦੀ ਪਤਨੀ ਅਮਰੀਕ ਕੌਰ ਨੇ ਇਨਸਾਫ਼ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਵੱਲੋਂ 1997 ਵਿੱਚ ਸੀਬੀਆਈ ਨੂੰ ਦਿੱਤੇ ਹਲਫ਼ਨਾਮੇ ਤੋਂ ਬਾਅਦ ਜਾਂਚ ਅੱਗੇ ਵਧੀ। ਇਸ ਮਾਮਲੇ ਵਿੱਚ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਇਆ ਫੈਸਲਾ ਮਨੁੱਖੀ ਅਧਿਕਾਰਾਂ ਅਤੇ ਹਿਰਾਸਤੀ ਲਾਪਤਾ ਹੋਣ ਦੇ ਮਾਮਲਿਆਂ ਲਈ ਅਹਿਮ ਮੰਨਿਆ ਜਾ ਰਿਹਾ ਹੈ।