ਅੰਮ੍ਰਿਤਸਰ ’ਚ ਢਾਬੇ ’ਤੇ ਇਕੱਠੇ ਖਾਣਾ ਖਾ ਰਹੇ ਦੋ ਨੌਜਵਾਨਾਂ ਵਿਚਾਲੇ ਖੂਨੀ ਝੜਪ, ਕਿਰਚਾਂ ਮਾਰ ਕੇ 34 ਸਾਲਾ ਨੌਜਵਾਨ ਦਾ ਕਤਲ
ਵੇਰਕਾ (ਅੰਮ੍ਰਿਤਸਰ), 17 ਨਵੰਬਰ 2026: ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਚ ਵਿਖੇ ਬੀਤੀ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਢਾਬੇ ’ਤੇ ਬੈਠੇ ਦੋ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਇੱਕ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਉਰਫ਼ ਬਿੱਕਾ (34) ਵਾਸੀ ਪਿੰਡ ਬੱਲ ਕਲਾਂ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਬਿਕਰਮਜੀਤ ਸਿੰਘ ਬੀਤੀ ਰਾਤ ਪਿੰਡ ਪੰਡੋਰੀ ਵੜੈਚ ਸਥਿਤ ਇੱਕ ਢਾਬੇ ’ਤੇ ਨਵਰੂਪ ਸਿੰਘ ਉਰਫ਼ ਰੂਪਾ ਪੁੱਤਰ ਸੁਖਦੇਵ ਸਿੰਘ ਨਾਲ ਬੈਠਾ ਖਾਣ-ਪੀਣ ਕਰ ਰਿਹਾ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਹੋ ਗਿਆ। ਦੋਸ਼ ਹੈ ਕਿ ਨਵਰੂਪ ਸਿੰਘ ਨੇ ਬਿਕਰਮਜੀਤ ਸਿੰਘ ’ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਕੰਬੋਅ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਾਰਦਾਤ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।





