ਰੂਸ-ਯੂਕਰੇਨ ਜੰਗ ਖ਼ਤਮ ਕਰਵਾਉਣ ਲਈ ਅਮਰੀਕਾ ਦੀ ਨਵੀਂ ਰਣਨੀਤੀ, ਤਿੰਨ ਮੁੱਖ ਸ਼ਰਤਾਂ ’ਤੇ ਬਣ ਰਹੀ ਸਹਿਮਤੀ!

Top Trending News ਕੌਮਾਂਤਰੀ

 

ਰੂਸ-ਯੂਕਰੇਨ ਜੰਗ ਖ਼ਤਮ ਕਰਵਾਉਣ ਲਈ ਅਮਰੀਕਾ ਦੀ ਨਵੀਂ ਰਣਨੀਤੀ, ਤਿੰਨ ਮੁੱਖ ਸ਼ਰਤਾਂ ’ਤੇ ਬਣ ਰਹੀ ਸਹਿਮਤੀ!

ਵਾਸ਼ਿੰਗਟਨ, 17 ਨਵੰਬਰ 2026: ਰੂਸ ਅਤੇ ਯੂਕਰੇਨ ਵਿਚਕਾਰ ਲੰਬੇ ਸਮੇਂ ਤੋਂ ਜਾਰੀ ਜੰਗ ਨੂੰ ਖ਼ਤਮ ਕਰਵਾਉਣ ਲਈ ਅਮਰੀਕਾ ਨੇ ਕੂਟਨੀਤਕ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਜੇਰੇਡ ਕੁਸ਼ਨਰ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਲਈ ਤਿੰਨ ਅਹਿਮ ਖੇਤਰਾਂ ਵਿੱਚ ਤਰੱਕੀ ਹੋ ਰਹੀ ਹੈ।

ਕੁਸ਼ਨਰ ਮੁਤਾਬਕ, ਪਹਿਲੀ ਤਰਜੀਹ ਯੂਕਰੇਨ ਨੂੰ ਭਵਿੱਖ ਵਿੱਚ ਰੂਸੀ ਹਮਲਿਆਂ ਤੋਂ ਬਚਾਉਣ ਲਈ ਮਜ਼ਬੂਤ ਸੁਰੱਖਿਆ ਗਾਰੰਟੀ ਦੇਣਾ ਹੈ। ਦੂਜਾ ਉਦੇਸ਼ ਯੂਕਰੇਨ ਲਈ ਯੂਰਪੀ ਸੰਘ ਦੀ ਮੈਂਬਰਸ਼ਿਪ ਦਾ ਰਾਹ ਖੋਲ੍ਹਣਾ ਅਤੇ ਤੀਜਾ ਜੰਗ ਨਾਲ ਤਬਾਹ ਹੋਈ ਆਰਥਿਕਤਾ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਨਿਵੇਸ਼ ਅਤੇ ਵਿਕਾਸ ਦੀ ਯੋਜਨਾ ਤਿਆਰ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਅਮਰੀਕੀ ਨੁਮਾਇੰਦਿਆਂ ਨੇ ਰੂਸੀ ਅਧਿਕਾਰੀਆਂ, ਯੂਕਰੇਨ ਅਤੇ ਯੂਰਪੀ ਸਹਿਯੋਗੀਆਂ ਨਾਲ ਗੱਲਬਾਤ ਕੀਤੀ ਹੈ। ਅਬੂ ਧਾਬੀ ਵਿੱਚ ਹੋਈ ਤ੍ਰਿਪੱਖੀ ਬੈਠਕ ਅਤੇ ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਵੀ ਇਸੇ ਕੂਟਨੀਤਕ ਕੋਸ਼ਿਸ਼ ਦਾ ਹਿੱਸਾ ਰਹੀ।

ਹਾਲਾਂਕਿ ਕੁਸ਼ਨਰ ਨੇ ਮੰਨਿਆ ਕਿ ਸ਼ਾਂਤੀ ਸਮਝੌਤੇ ਤੱਕ ਪਹੁੰਚਣ ਲਈ ਕਈ ਔਖੇ ਫ਼ੈਸਲੇ ਲੈਣੇ ਬਾਕੀ ਹਨ। ਅੰਤਿਮ ਸਮਝੌਤਾ ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ ਹੀ ਸੰਭਵ ਹੋਵੇਗਾ।