- EPFO ਦਾ ਵੱਡਾ ਫੈਸਲਾ: ਹੁਣ PF ਖਾਤੇ ’ਚੋਂ ਕਢਵਾ ਸਕੋਗੇ 90% ਤੱਕ ਰਕਮ
ਨਵੀਂ ਦਿੱਲੀ, 19 ਨਵੰਬਰ (ਦੇਸ਼ ਕਲਿੱਕ ਬਿਊਰੋ): ਨੌਕਰੀਪੇਸ਼ਾ ਲੋਕਾਂ ਲਈ ਪ੍ਰੋਵੀਡੈਂਟ ਫੰਡ (PF) ਨਾਲ ਜੁੜੀ ਵੱਡੀ ਰਾਹਤ ਦੀ ਖ਼ਬਰ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ PF ਵਿੱਚੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਤਹਿਤ 55 ਸਾਲ ਤੋਂ ਘੱਟ ਉਮਰ ਦੇ ਕਰਮਚਾਰੀ ਹੁਣ ਨੌਕਰੀ ਦੌਰਾਨ ਆਪਣੇ PF ਖਾਤੇ ਵਿੱਚ ਜਮ੍ਹਾਂ ਰਕਮ ਦਾ 90 ਫ਼ੀਸਦੀ ਤੱਕ ਹਿੱਸਾ ਕਢਵਾ ਸਕਣਗੇ। ਪਹਿਲਾਂ ਇਹ ਹੱਦ 75 ਫ਼ੀਸਦੀ ਸੀ। ਇਸ ਤੋਂ ਇਲਾਵਾ, ਬੇਰੁਜ਼ਗਾਰੀ ਦੀ ਸਥਿਤੀ ਵਿੱਚ PF ਦੀ ਰਕਮ ਕਢਵਾਉਣ ਲਈ ਇੱਕ ਸਾਲ ਦੀ ਨੌਕਰੀ ਪੂਰੀ ਕਰਨ ਦੀ ਸ਼ਰਤ ਵੀ ਖ਼ਤਮ ਕਰ ਦਿੱਤੀ ਗਈ ਹੈ। ਹੁਣ PF ਮੈਂਬਰ ਬਣਨ ਦੇ ਦੋ ਮਹੀਨੇ ਬਾਅਦ ਵੀ ਨਿਰਧਾਰਤ ਨਿਯਮਾਂ ਅਨੁਸਾਰ ਰਕਮ ਕਢਵਾਈ ਜਾ ਸਕੇਗੀ।
ਇਨ੍ਹਾਂ ਕੰਮਾਂ ਲਈ ਵੀ ਕਢਵਾ ਸਕੋਗੇ PF
EPFO ਵੱਲੋਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਅੰਸ਼ਕ ਨਿਕਾਸੀ ਦੀ ਸਹੂਲਤ ਦਿੱਤੀ ਗਈ ਹੈ। ਇਸ ਤਹਿਤ ਬਿਮਾਰੀ ਦੇ ਇਲਾਜ, ਹਸਪਤਾਲ ਦੇ ਖਰਚੇ, ਆਪਣੀ ਜਾਂ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰਕ ਮੈਂਬਰਾਂ ਦੇ ਵਿਆਹ ਲਈ ਪੈਸੇ ਕਢਵਾਏ ਜਾ ਸਕਣਗੇ। ਇਸ ਤੋਂ ਇਲਾਵਾ ਨਵਾਂ ਘਰ ਜਾਂ ਫਲੈਟ ਖਰੀਦਣ, ਜ਼ਮੀਨ ਲੈਣ, ਮਕਾਨ ਬਣਾਉਣ, ਹੋਮ ਲੋਨ ਚੁਕਾਉਣ ਅਤੇ ਪੁਰਾਣੇ ਘਰ ਦੀ ਮੁਰੰਮਤ ਲਈ ਵੀ PF ਵਿੱਚੋਂ ਰਕਮ ਕਢਵਾਉਣ ਦੀ ਵਿਵਸਥਾ ਹੈ। ਕਿਸੇ ਵਿਸ਼ੇਸ਼ ਜਾਂ ਅਚਾਨਕ ਪੈਦਾ ਹੋਈ ਵੱਡੀ ਮੁਸ਼ਕਲ ਦੌਰਾਨ ਵੀ ਨਿਯਮਾਂ ਅਨੁਸਾਰ ਨਿਕਾਸੀ ਕੀਤੀ ਜਾ ਸਕਦੀ ਹੈ।
ਖਾਤੇ ਵਿੱਚ 10 ਫ਼ੀਸਦੀ ਰਕਮ ਰਹੇਗੀ ਜਮ੍ਹਾਂ
ਨਵੇਂ ਨਿਯਮਾਂ ਤਹਿਤ 90 ਫ਼ੀਸਦੀ ਤੱਕ ਰਕਮ ਕਢਵਾਉਣ ਦੀ ਹੱਦ ਰੱਖਣ ਦਾ ਮਕਸਦ ਇਹ ਹੈ ਕਿ ਕਰਮਚਾਰੀ ਆਪਣੀ ਸਾਰੀ ਬਚਤ ਰਿਟਾਇਰਮੈਂਟ ਤੋਂ ਪਹਿਲਾਂ ਖ਼ਤਮ ਨਾ ਕਰ ਦੇਣ। ਇਸ ਤਰ੍ਹਾਂ ਖਾਤੇ ਵਿੱਚ ਘੱਟੋ-ਘੱਟ 10 ਫ਼ੀਸਦੀ ਰਕਮ ਬਚੀ ਰਹੇਗੀ। ਹਾਲਾਂਕਿ, ਪੈਸੇ ਕਢਵਾਉਣ ਦੇ ਮਕਸਦ ਅਤੇ ਵਾਰ-ਵਾਰ ਨਿਕਾਸੀ ਕਰਨ ਸਬੰਧੀ ਸ਼ਰਤਾਂ ਲਾਗੂ ਰਹਿਣਗੀਆਂ।
ਆਨਲਾਈਨ ਵੀ ਕਰ ਸਕਦੇ ਹੋ ਕਲੇਮ
PF ਦੀ ਰਕਮ ਕਢਵਾਉਣ ਲਈ ਮੈਂਬਰ EPFO ਦੇ ਪੋਰਟਲ ’ਤੇ ਆਪਣੇ UAN ਅਤੇ ਪਾਸਵਰਡ ਰਾਹੀਂ ਲਾਗਇਨ ਕਰਕੇ ਆਨਲਾਈਨ ਕਲੇਮ ਕਰ ਸਕਦੇ ਹਨ। ਨਿਯਮਾਂ ਅਤੇ ਪ੍ਰਕਿਰਿਆ ਨੂੰ ਸਰਲ ਬਣਾਉਣ ਨਾਲ ਕਾਗਜ਼ੀ ਕਾਰਵਾਈ ਘਟਣ ਅਤੇ ਕਲੇਮ ਦੀ ਪ੍ਰਕਿਰਿਆ ਤੇਜ਼ ਹੋਣ ਦੀ ਉਮੀਦ ਹੈ। ਹਾਲਾਂਕਿ, ਮਾਹਿਰਾਂ ਮੁਤਾਬਕ ਬਿਨਾਂ ਲੋੜ PF ਦੀ ਵੱਡੀ ਰਕਮ ਕਢਵਾਉਣ ਤੋਂ ਬਚਣਾ ਚਾਹੀਦਾ ਹੈ। ਇਸ ਰਕਮ ’ਤੇ ਮਿਲਣ ਵਾਲਾ ਵਿਆਜ ਲੰਬੇ ਸਮੇਂ ਵਿੱਚ ਬਚਤ ਨੂੰ ਵਧਾਉਂਦਾ ਹੈ। ਇਸ ਲਈ 90 ਫ਼ੀਸਦੀ ਰਕਮ ਕਢਵਾਉਣ ਦੀ ਸਹੂਲਤ ਹੋਣ ਦੇ ਬਾਵਜੂਦ ਰਿਟਾਇਰਮੈਂਟ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।





