ਕੰਗ ਯਾਦਗਾਰੀ ਸਕੂਲ ਵਿਖੇ ‘ਮਿਟੀ ਰੁਦਨ ਕਰੇ’ ਦੀ ਸਫ਼ਲ ਪੇਸ਼ਕਾਰੀ

Published on: June 1, 2025 4:41 pm

ਸਾਹਿਤ

ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 1 ਜੂਨ ਭਟੋਆ 

 ਪਿੰਡ ਬਸੀ ਗੁੱਜਰਾਂ (ਰੂਪਨਗਰ) ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ, ਨਿਰਦੇਸ਼ਕ ਸ੍ਰੀ ਜਸਵੀਰ ਸਿੰਘ ਗਿੱਲ ਦੀ ਨਿਰਦੇਸ਼ਨਾ ਹੇਠ, ਪ੍ਰਸਿੱਧ ਲੇਖਕ ਸ: ਬਲਦੇਵ ਸਿੰਘ ਸੜਕਨਾਮਾ ਦਾ, ਨਸ਼ਿਆਂ ਵਿਰੁੱਧ ਲਿਖਿਆ ਨਾਟਕ ‘ਮਿੱਟੀ ਰੁਦਨ ਕਰੇ’ ਖੇਡਿਆ ਗਿਆ। ਇਹ ਨਾਟਕ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਨ ਵਜੋਂ ਖੇਡਿਆ ਗਿਆ ਸੀ। ਪੇਸ਼ਕਾਰੀ ਦੇ ਅਖੀਰ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਸੰਕਲਪ ਲਿਆ, ਕਿ ਉਹ ਜੀਵਨ ਦਾ ਨਾਸ ਕਰਨ ਵਾਲੇ ਨਸ਼ਿਆਂ ਨੂੰ ਹਮੇਸ਼ਾਂ ਘ੍ਰਿਣਾ ਕਰਦੇ ਰਹਿਣਗੇ, ਖੁਦ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਹੋਰਾਂ ਨੂੰ ਦੂਰ ਰਹਿਣ ਲਈ ਪ੍ਰੇਰਨਗੇ। ਸੰਸਥਾ ਦੇ ਡਾਇਰੈਕਟਰ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਸਮਾਜਿਕ ਬੁਰਾਈ ਹੈ, ਜਿਹੜੀ ਇਸ ਦੀ ਮਾਰ ਹੇਠ ਆਏ ਵਿਅਕਤੀ ਦਾ ਜੀਵਨ ਤਬਾਹ ਕਰਦੀ ਹੈ, ਪਰਿਵਾਰ ਥੁੜ੍ਹਾਂ ਦੇ ਸ਼ਿਕਾਰ ਹੁੰਦੇ ਹਨ, ਪਰਿਵਾਰਕ ਕਲੇਸ਼ ਵਧਦੇ ਹਨ, ਅਜਿਹੇ ਪਰਿਵਾਰਾਂ ਦੇ ਬੱਚੇ ਸਿੱਖਿਆ ਤੋਂ ਵਾਂਝੇ ਹੋ ਜਾਂਦੇ ਹਨ। ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਇਹ ਸਾਡੀ ਵਿਅਕਤੀਗਤ ਜ਼ੁੰਮੇਂਵਾਰੀ ਹੈ, ਕਿ ਅਸੀਂ ਆਪਣੇ-ਆਪ ਨੂੰ ਗਿਆਨ ਨਾਲ ਐਨਾ ਭਰੀਏ, ਕਿ ਸਾਡੇ ਮਨ ਵਿੱਚ ਕਿਸੇ ਕਿਸਮ ਦੀਆਂ ਬੁਰਾਈਆਂ ਨੂੰ ਖੁੱਭਣ ਦੀ ਥਾਂ ਹੀ ਨਾਂ ਰਹੇ। ਉਨ੍ਹਾਂ ਵਿਦਿਆਰਥੀਆਂ ਨੂੰ ਜਿਊਣ-ਜੋਗੇ ਬਣਨ ਲਈ ਪ੍ਰੇਰਿਆ, ਤਾਂ ਕਿ ਉਹ ਧਰਤੀ ’ਤੇ ਸਵੈਮਾਣ ਨਾਲ ਰਹਿ ਸਕਣ ਅਤੇ ਸਮਾਜ ਪ੍ਰਤੀ ਆਪਣੇ ਬਣਦੇ ਫਰਜ਼ ਨਿਭਾ ਸਕਣ। ਇਸ ਨਾਟਕ ਦੀ ਪੇਸ਼ਕਾਰੀ, ਦਰਸ਼ਕਾਂ ਦੀਆਂ ਅੱਖਾਂ ਨੂੰ ਵਾਰ ਵਾਰ ਨਮ ਕਰਦੀ ਰਹੀ। ਦੱਸਿਆ ਗਿਆ ਕਿ 2007 ਵਿੱਚ ਸੰਸਥਾ ਦੇ ਉਸ ਸਮੇਂ ਦੇ ਵਿਦਿਆਰਥੀਆਂ ਵੱਲੋਂ ਖੇਡਿਆ ਗਿਆ ਇਹ ਨਾਟਕ, ਉਸ ਸਮੇਂ ਬੰਗਲੌਰ ਵਿਖੇ ਹੋਏ ਕੌਮੀਂ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਮਲ ਹੋਇਆ ਸੀ। ਇਸ ਨਾਟਕ ਵਿੱਚ ਦਰਸ਼ਕਾਂ ਨੂੰ ਨਸ਼ਿਆਂ ਵਿਰੁੱਧ ਝੰਜੋੜ ਦੇਣ ਵਾਲੀ ਪੀੜਤ ਔਰਤ ਦਾ ਕਿਰਦਾਰ +2 ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਅਤੇ ਬਾਰੂ ਅਮਲੀ ਦਾ ਰੋਹਨਪ੍ਰੀਤ ਸਿੰਘ ਨੇ ਨਿਭਾਇਆ। ਹੋਰ ਵਿਦਿਆਰਥੀ ਕਲਾਕਾਰਾਂ ਵਿੱਚ ਸਾਹਿਬਜੋਤ ਸਿੰਘ, ਯੁਵਰਾਜ ਸਿੰਘ, ਰੁਪਿੰਦਰ ਸਿੰਘ, ਗੁਰਤੇਜ ਸਿੰਘ, ਜੈਸਮੀਨ ਕੌਰ, ਅਰਸ਼ਦੀਪ ਕੌਰ, ਸਿਮਰਨਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਲੀਨ ਕੌਰ, ਕੋਮਲਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਸ਼ਾਮਲ ਸਨ। ਇਸ ਸਮੇਂ ਪ੍ਰਿੰਸੀਪਲ ਨਵਪ੍ਰੀਤ ਕੌਰ, ਦਲਜੀਤ ਕੌਰ, ਮਨਦੀਪ ਕੌਰ, ਬੇਅੰਤ ਕੌਰ, ਮਨਪ੍ਰੀਤ ਕੌਰ, ਗਗਨਪ੍ਰੀਤ ਕੌਰ, ਜੈਸਮੀਨ ਕੌਰ, ਰਮਨਦੀਪ ਸਿੰਘ, ਬਲਜਿੰਦਰ ਸਿੰਘ ਆਦਿ ਤੋਂ ਇਲਾਵਾ ਡਰੀਮਲੈਂਡ ਪਬਲਿਕ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।