ਮਾਨਸਾ, 11 ਫਰਵਰੀ : ਦੇਸ਼ ਕਲਿੱਕ ਬਿਊਰੋ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ਾਇਦ ਕੌਮਾਂਤਰੀ ਕਮਿਉਨਿਸਟ ਲਹਿਰ ਅਤੇ ਉਸ ਦੀਆਂ ਮਹਾਨ ਪ੍ਰਾਪਤੀਆਂ ਬਾਰੇ ਭੋਰਾ ਵੀ ਗਿਆਨ ਨਹੀਂ ਹੈ, ਇਸੇ ਲਈ ਉਹ ਛਤੀਸਗੜ੍ਹ ਤੋਂ ਅਜਿਹੇ ਬੇਤੁੱਕੇ ਬਿਆਨ ਦਾਗ ਰਹੇ ਹਨ। ਇਹ ਗੱਲ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਅਮਿਤ ਸ਼ਾਹ ਵਲੋਂ 8 ਫਰਵਰੀ ਨੂੰ ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਦਿੱਤੇ ਉਸ ਬਿਆਨ ਉਤੇ ਟਿੱਪਣੀ ਕਰਦਿਆਂ ਕਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਦੇਸ਼ ਨੂੰ ਕਮਿਉਨਿਸਟ ਵਿਚਾਰਧਾਰਾ ਤੋਂ ਮੁਕਤ ਕਰਨ ਦੀ ਲੋੜ ਹੈ।
ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਿਤ ਸ਼ਾਹ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਮਿਉਨਿਸਟ ਵਿਚਾਰਧਾਰਾ ਦੁਨੀਆਂ ਭਰ ਵਿੱਚ ਮਜ਼ਦੂਰਾਂ ਕਿਸਾਨਾਂ ਦੇ ਹਿੱਤਾਂ ਲਈ ਲੜਨ ਅਤੇ ਕਾਰਪੋਰੇਟ ਪੂੰਜੀਵਾਦ ਦੀ ਜਗ੍ਹਾ ਸਮਾਜਵਾਦੀ ਨਿਜ਼ਾਮ ਦੀ ਉਸਾਰੀ ਲਈ ਇਨਕਲਾਬੀ ਜਦੋਜਹਿਦ ਕਰਨ ਦਾ ਨਾਂ ਹੈ। ਇਸ ਨੂੰ ਖ਼ਤਮ ਕਰਨ ਵਾਲੇ ਦੁਨੀਆਂ ਭਰ ਵਿਚਲੇ ਫਾਸਿਸਟ ਤੇ ਤਾਨਾਸ਼ਾਹ ਖੁਦ ਖ਼ਤਮ ਹੋ ਗਏ, ਪਰ ਕਮਿਉਨਿਸਟਾਂ ਦਾ ਲਾਲ ਨਿਸ਼ਾਨ ਸੰਸਾਰ ਵਿੱਚ ਹਾਲੇ ਵੀ ਝੂਲ ਰਿਹਾ ਹੈ।
ਅਮਿਤ ਸ਼ਾਹ ਦਾ ਇਹ ਦਾਹਵਾ ਵੀ ਮੂਲੋਂ ਝੂਠ ਹੈ ਕਿ ਕਮਿਉਨਿਸਟ ਜਿਥੇ ਵੀ ਸਤਾ ਵਿੱਚ ਰਹੇ ਨੇ, ਉਹ ਵਿਕਾਸ ਨਹੀਂ ਲਿਆ ਸਕੇ; ਕਿਉਂਕਿ ਦੁਨੀਆਂ ਨੇ ਰੂਸ ਅਤੇ ਚੀਨ ਵਰਗੇ ਬੇਹੱਦ ਪਛੜੇ ਦੇਸ਼ਾਂ ਵਿੱਚ ਇਨਕਲਾਬਾਂ ਦੇ ਜ਼ਰੀਏ ਕਮਿਉਨਿਸਟ ਦੇ ਸਤਾ ਵਿੱਚ ਆਉਣ ਤੋਂ ਬਾਅਦ ਬਿਜਲੀ ਦੀ ਗਤੀ ਨਾਲ ਵਿਕਸਤ ਹੁੰਦੇ ਅਤੇ ਮਹਾਂ ਸ਼ਕਤੀਆਂ ਬਣਦੇ ਵੇਖਿਆ ਹੈ। ਕਮਿਉਨਿਸਟ ਵਿਚਾਰਧਾਰਾ ਇਕ ਲੋਕ ਹਿੱਤੂ ਤੇ ਵਿਗਿਆਨਕ ਵਿਚਾਰਧਾਰਾ ਹੈ, ਜਿਸ ਨੇ ਪੈਦਾਵਾਰੀ ਤਾਕਤਾਂ ਨੂੰ ਜਗੀਰੂ ਤੇ ਪੂੰਜੀਵਾਦੀ ਜਕੜ ਤੋਂ ਮੁਕਤ ਕਰਵਾ ਕੇ ਇੰਨਾਂ ਦੇਸ਼ਾਂ ਦੀ ਜਨਤਾ ਨੂੰ ਵਿਕਾਸ ਤੇ ਸਮਾਨਤਾ ਦੇ ਸ਼ਾਹ ਰਾਹ ‘ਤੇ ਤੇਜ਼ੀ ਨਾਲ ਅੱਗੇ ਵਧਾਇਆ ਸੀ। ਜਿਸ ਟਰੰਪ ਅੱਗੇ ਮੋਦੀ ਸਰਕਾਰ ਨੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ ਹੈ, ਉਹ ਟਰੰਪ ਧਮਕੀਆਂ ਤੇ ਸਾਜ਼ਿਸ਼ਾਂ ਨਾਲ ਨਾ ਛੋਟੇ ਜਿਹੇ ਦੇਸ਼ ਸਮਾਜਵਾਦੀ ਕਿਊਬਾ ਨੂੰ ਝੁਕਾ ਸਕਿਆ ਹੈ ਅਤੇ ਨਾ ਹੀ ਵੈਨਜ਼ੂਏਲਾ ਦੀ ਸੋਸ਼ਲਿਸਟ ਹਕੂਮਤ ਨੂੰ; ਇਸੇ ਲਈ ਅੰਤ ਉਸ ਨੂੰ ਵੈਨੇਜ਼ੁਏਲਾ ਉਤੇ ਸਿੱਧਾ ਫੌਜੀ ਹਮਲਾ ਹੀ ਕਰਨਾ ਪਿਆ।
ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਅਸਲ ਵਿੱਚ ਦੇਸ਼ ਨੂੰ ਕਮਿਉਨਿਸਟ ਵਿਚਾਰਧਾਰਾ ਤੋਂ ਨਹੀਂ, ਬਲਕਿ ਸੰਘ ਬੀਜੇਪੀ ਦੀ ਫਿਰਕੂ ਤੇ ਕਾਰਪੋਰੇਟ ਪ੍ਰਸਤ ਵਿਚਾਰਧਾਰਾ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ, ਜਿਸ ਦੀ ਮੋਦੀ ਸਰਕਾਰ ਨੂੰ ਟੈਰਿਫ ਡੀਲ ਦੇ ਸੁਆਲ ‘ਤੇ ਟਰੰਪ ਤੇ ਅਮਰੀਕੀ ਸਾਮਰਾਜ ਦੇ ਪੈਰਾਂ ਵਿਚ ਵਿਛਦਿਆਂ ਅਤੇ ਦੇਸ਼ ਦੇ ਕਿਰਤੀਆਂ ਕਿਸਾਨਾਂ ਦੇ ਆਰਥਿਕ ਹਿੱਤਾਂ ਦੀ ਬਲੀ ਦਿੰਦਿਆਂ ਨੂੰ ਪੂਰੀ ਦੁਨੀਆਂ ਵੇਖ ਰਹੀ ਹੈ। ਮੋਦੀ-ਸ਼ਾਹ ਜੋੜੀ ਨੇ ਅਪਣੇ ਇਕ ਕਾਰਪੋਰੇਟ ਫਾਈਨੈਂਸਰ ਅਡਾਨੀ ਨੂੰ ਬਚਾਉਣ ਲਈ ਅਤੇ ਬਦਨਾਮ ਅਪਸਟੀਮ ਫਾਇਲਾਂ ਨੂੰ ਠੱਪ ਕਰਵਾਉਣ ਲਈ ਭਾਰਤ ਦੇ ਵਕਾਰ ਅਤੇ ਸਨਮਾਨ ਨੂੰ ਟਰੰਪ ਦੇ ਪੈਰਾਂ ਵਿਚ ਢੇਰੀ ਕਰ ਦਿੱਤਾ ਹੈ। ਇਸ ਸਰਕਾਰ ਦੇ ਰਾਜਕਾਲ ਦੌਰਾਨ ਦੇਸ਼ ਸਿਰ ਕਰਜ਼ਾ ਵੱਧ ਕੇ ਚਾਰ ਗੁਣਾ ਹੋ ਗਿਆ ਹੈ। ਸਾਰੇ ਗੁਆਂਢੀ ਦੇਸ਼ਾਂ ਨਾਲ ਸਾਡੇ ਸਬੰਧ ਬੁਰੀ ਤਰ੍ਹਾਂ ਵਿਗੜੇ ਹਨ ਅਤੇ ਸੰਸਾਰ ਦੇ ਅਹਿਮ ਮੁੱਦਿਆਂ ਬਾਰੇ ਕੋਈ ਆਜ਼ਾਦ ਸਟੈਂਡ ਨਾ ਲੈ ਸਕਣ ਕਾਰਨ ਕੌਮਾਂਤਰੀ ਪੱਧਰ ‘ਤੇ ਭਾਰਤ ਦੀ ਸਾਖ਼ ਸਿਫ਼ਰ ਹੋ ਗਈ ਹੈ।
ਬੀਜੇਪੀ ਜਾਣਦੀ ਹੈ ਕਿ ਇੰਨਾਂ ਸਾਰੇ ਮੁੱਦਿਆਂ ਤੇ ਕਮਿਉਨਿਸਟ ਹੀ ਉਨ੍ਹਾਂ ਨੂੰ ਦ੍ਰਿੜ੍ਹਤਾ ਤੇ ਤਰਕ ਨਾਲ ਟੱਕਰ ਦੇ ਸਕਦੇ ਹਨ, ਇਸੇ ਲਈ ਆਪਣੀ ਬਦਨਾਮੀ ਤੇ ਨਾਕਾਮੀਆਂ ਨੂੰ ਛੁਪਾਉਣ ਲਈ ਹੀ ਅਮਿਤ ਸ਼ਾਹ ਹੁਣ ਕਮਿਉਨਿਸਟ ਲਹਿਰ ਖਿਲਾਫ ਇਹ ਕੁਵੇਲੇ ਦੀਆਂ ਬਾਂਗਾਂ ਦੇ ਰਹੇ ਹਨ।



