- ਆਨਲਾਈਨ ਫਾਰਮੇਸੀਆਂ ਵਿਰੁੱਧ ਦੇਸ਼ ਵਿਆਪੀ ਹੜਤਾਲ, ਪੰਜਾਬ ਦੇ 27,500 ਮੈਡੀਕਲ ਸਟੋਰ ਹੋਣਗੇ ਸ਼ਾਮਲ
- ਮੈਡੀਕਲ ਸਟੋਰ ਸੰਚਾਲਕਾਂ ਅਤੇ ਥੋਕ ਵਿਕਰੇਤਾਵਾਂ ਨੇ ਕਾਲੇ ਬਿੱਲੇ ਲਗਾ ਕੇ ਜਤਾਇਆ ਵਿਰੋਧ
- ਵੱਡੀਆਂ ਕੰਪਨੀਆਂ ਵੱਲੋਂ 40% ਤੱਕ ਭਾਰੀ ਛੋਟ ਦੇਣ ਕਾਰਨ ਸਥਾਨਕ ਕਾਰੋਬਾਰ ਤਬਾਹੀ ਦੇ ਕੰਢੇ: ਅਸ਼ੋਕ ਡਾਬਰ
ਚੰਡੀਗੜ੍ਹ/ਲੁਧਿਆਣਾ, 16 ਮਈ 2026: ਆਨਲਾਈਨ ਦਵਾਈਆਂ ਦੀ ਵਿਕਰੀ (E-Pharmacies) ਦੇ ਵਧ ਰਹੇ ਰੁਝਾਨ ਖ਼ਿਲਾਫ਼ ਦੇਸ਼ ਭਰ ਦੇ ਮੈਡੀਕਲ ਸਟੋਰ ਸੰਚਾਲਕਾਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਇਸੇ ਕੜੀ ਤਹਿਤ ਆਉਂਦੀ 20 ਮਈ ਨੂੰ ਪੰਜਾਬ ਭਰ ਵਿੱਚ ਮੈਡੀਕਲ ਸਟੋਰ ਅਤੇ ਕੈਮਿਸਟ ਸ਼ਾਪਸ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਹ ਫੈਸਲਾ ਆਨਲਾਈਨ ਦਵਾਈ ਵਪਾਰ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਲਿਆ ਗਿਆ ਹੈ।
ਲੁਧਿਆਣਾ ਦੀ ਪ੍ਰਸਿੱਧ ‘ਪਿੰਡੀ ਗਲੀ ਮੈਡੀਕਲ ਐਸੋਸੀਏਸ਼ਨ’ ਦੇ ਪ੍ਰਧਾਨ ਅਸ਼ੋਕ ਡਾਬਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹੜਤਾਲ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਭਰ ਵਿੱਚ ਲਗਭਗ 27,500 ਮੈਡੀਕਲ ਸਟੋਰ ਸੰਚਾਲਕ ਅਤੇ ਦਵਾਈਆਂ ਦੇ ਥੋਕ ਵਿਕਰੇਤਾ (Wholesalers) ਆਪਣਾ ਕਾਰੋਬਾਰ ਮੁਕੰਮਲ ਬੰਦ ਰੱਖ ਕੇ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਨਗੇ।
ਐਸੋਸੀਏਸ਼ਨ ਅਨੁਸਾਰ, ਇਸ ਸੰਘਰਸ਼ ਦੀ ਸ਼ੁਰੂਆਤ ਅੱਜ ਤੋਂ ਹੀ ਹੋ ਚੁੱਕੀ ਹੈ। ਮੈਡੀਕਲ ਸਟੋਰ ਸੰਚਾਲਕਾਂ ਨੇ ਆਪਣੀਆਂ ਦੁਕਾਨਾਂ ‘ਤੇ ਕੰਮ ਕਰਦੇ ਸਮੇਂ ਬਾਹਾਂ ‘ਤੇ ਕਾਲੇ ਬਿੱਲੇ ਲਗਾ ਕੇ ਆਨਲਾਈਨ ਕੰਪਨੀਆਂ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ। ਪ੍ਰਧਾਨ ਅਸ਼ੋਕ ਡਾਬਰ ਨੇ ਦੱਸਿਆ ਕਿ ਸਿਰਫ਼ ਦੁਕਾਨਾਂ ਬੰਦ ਹੀ ਨਹੀਂ ਰੱਖੀਆਂ ਜਾਣਗੀਆਂ, ਸਗੋਂ 20 ਮਈ ਨੂੰ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਆਨਲਾਈਨ ਕਾਰੋਬਾਰ ‘ਤੇ ਲਗਾਮ ਲਗਾਉਣ ਦੀ ਮੰਗ ਕੀਤੀ ਜਾਵੇਗੀ।
ਕੈਮਿਸਟ ਐਸੋਸੀਏਸ਼ਨਾਂ ਦੀ ਮੁੱਖ ਸ਼ਿਕਾਇਤ ਵੱਡੀਆਂ ਕਾਰਪੋਰੇਟ ਕੰਪਨੀਆਂ ਵੱਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ‘ਤੇ ਹੈ। ਅਸ਼ੋਕ ਡਾਬਰ ਨੇ ਤਰਕ ਦਿੱਤਾ ਕਿ ਇਹ ਵੱਡੀਆਂ ਆਨਲਾਈਨ ਕੰਪਨੀਆਂ ਬਾਜ਼ਾਰ ਦੀਆਂ ਨਿਰਧਾਰਤ ਦਰਾਂ ਨਾਲੋਂ 40 ਫੀਸਦੀ ਤੱਕ ਘੱਟ ਕੀਮਤਾਂ (Discounts) ‘ਤੇ ਦਵਾਈਆਂ ਦੀ ਹੋਮ ਡਿਲੀਵਰੀ ਕਰ ਰਹੀਆਂ ਹਨ। ਇਸ ਅੰਨ੍ਹੇਵਾਹ ਮੁਕਾਬਲੇਬਾਜ਼ੀ ਕਾਰਨ ਸਥਾਨਕ ਪੱਧਰ ‘ਤੇ ਬੈਠੇ ਮੈਡੀਕਲ ਸਟੋਰਾਂ ਅਤੇ ਸਪਲਾਇਰਾਂ ਦਾ ਧੰਦਾ ਬਿਲਕੁਲ ਚੌਪਟ ਹੋ ਰਿਹਾ ਹੈ, ਜਿਸ ਕਾਰਨ ਲੱਖਾਂ ਪਰਿਵਾਰਾਂ ਦੇ ਰੁਜ਼ਗਾਰ ‘ਤੇ ਸੰਕਟ ਮੰਡਰਾ ਰਿਹਾ ਹੈ।



