Mohali ਨੂੰ ਅੱਜ ਮਿਲੇਗਾ ਨਵਾਂ ਮੇਅਰ; ਦੁਪਹਿਰ 3 ਵਜੇ ਹੋਵੇਗੀ ਚੋਣ
Desh Click
ਮੋਹਾਲੀ, 9 ਜੂਨ 2026 – ਮੋਹਾਲੀ (Mohali) ਨਗਰ ਨਿਗਮ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਸ਼ਹਿਰ ਵਾਸੀਆਂ ਦੀ ਲੰਬੀ ਉਡੀਕ ਹੁਣ ਖ਼ਤਮ ਹੋ ਗਈ ਹੈ। ਨਿਗਮ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਚੋਣ ਅੱਜ ਮੰਗਲਵਾਰ, 9 ਜੂਨ ਨੂੰ ਬਾਅਦ ਦੁਪਹਿਰ 3:00 ਵਜੇ ਹੋਣ ਜਾ ਰਹੀ ਹੈ।
ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਨਗਰ ਨਿਗਮ ਹਾਊਸ ਦੇ ਅੰਦਰ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਨੇ ਦੱਸਿਆ ਕਿ ਸਾਰੇ ਪ੍ਰਬੰਧ ਅਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਹਾਊਸ ਵਿੱਚ ਮੌਜੂਦ ਕੌਂਸਲਰਾਂ ਵੱਲੋਂ ਹੱਥ ਖੜ੍ਹੇ ਕਰਕੇ ਮੇਅਰ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਜਾਂ ਬਹੁਮਤ ਦੇ ਆਧਾਰ ‘ਤੇ ਕੀਤੀ ਜਾਵੇਗੀ।
ਨਵੇਂ ਮੇਅਰ ਅਤੇ ਅਹੁਦੇਦਾਰਾਂ ਦੇ ਸਵਾਗਤ ਲਈ ਨਗਰ ਨਿਗਮ ਦੀ ਉਪਰਲੀ ਮੰਜ਼ਿਲ ‘ਤੇ ਸਥਿਤ ਦਫ਼ਤਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਜਾਇਆ ਜਾ ਰਿਹਾ ਹੈ। ਮੇਅਰ ਦੇ ਦਫ਼ਤਰ ਲਈ ਨਵੇਂ ਸੋਫ਼ੇ ਖ਼ਰੀਦੇ ਗਏ ਹਨ। ਸ਼ਹਿਰ ਦੀ ਸਿਆਸਤ ਅਤੇ ਵਿਕਾਸ ਪੱਖੋਂ ਅੱਜ ਦਾ ਦਿਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।



