ਵੱਡੀ ਖ਼ਬਰ: ਪੰਜਾਬ ‘ਚ ਨੈਸ਼ਨਲ ਖਿਡਾਰੀ ‘ਤੇ ਹਮਲਾ!

Top Trending News ਖੇਡਾਂ ਚੰਡੀਗੜ੍ਹ ਪੰਜਾਬ

 

ਵੱਡੀ ਖ਼ਬਰ: ਪੰਜਾਬ ‘ਚ ਨੈਸ਼ਨਲ ਖਿਡਾਰੀ ‘ਤੇ ਹਮਲਾ!

Desh Click

ਲੁਧਿਆਣਾ, 9 ਜੂਨ 2026 – ਲੁਧਿਆਣਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਉਸ ਵੇਲੇ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ, ਜਦੋਂ ਦੇਰ ਰਾਤ ਚੈਕਅਪ ਕਰਾਉਣ ਲਈ ਆਪਣੇ ਦੋਸਤ ਨੂੰ ਹਸਪਤਾਲ ਲਿਜਾ ਰਹੇ ਜੂਡੋ ਦੇ ਇੱਕ ਨੈਸ਼ਨਲ ਖਿਡਾਰੀ (National player) ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਬਦਮਾਸ਼ਾਂ ਨੇ ਉਸ ਉੱਪਰ ਜਾਨਲੇਵਾ ਹਮਲਾ (attacked in Punjab) ਕਰ ਦਿੱਤਾ।

ਤੇਜ਼ਧਾਰ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਉਸ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅੰਮ੍ਰਿਤਸਰ ਦੇ ਸਿਵਲ ਲਾਈਨ ਇਲਾਕੇ ਦੇ ਰਹਿਣ ਵਾਲੇ ਪੀੜਤ ਅਮਨ ਸ਼ਰਮਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਸਾਢੇ 17 ਸਾਲਾਂ ਦੇ ਅਮਨ ਸ਼ਰਮਾ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਸੇਖੇਵਾਲ ਸਕੂਲ ਵਿੱਚ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਨੈਸ਼ਨਲ ਲੈਵਲ ਦਾ ਜੂਡੋ ਖਿਡਾਰੀ ਹੈ। ਬੀਤੀ ਰਾਤ ਉਸ ਦੇ ਦੋਸਤ ਦੇ ਪੇਟ ਵਿੱਚ ਅਚਾਨਕ ਤੇਜ਼ ਦਰਦ ਉੱਠਿਆ, ਜਿਸ ਕਾਰਨ ਉਹ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਡੀਐਮਸੀ (DMC) ਹਸਪਤਾਲ ਲਈ ਨਿਕਲਿਆ ਸੀ। ਜਿਵੇਂ ਹੀ ਉਹ ਰੱਖਬਾਗ ਦੀ ਪਾਰਕਿੰਗ ਦੇ ਕੋਲ ਪਹੁੰਚੇ, ਤਾਂ ਉੱਥੇ ਪਹਿਲਾਂ ਤੋਂ ਮੌਜੂਦ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ।

ਬਦਮਾਸ਼ਾਂ ਨੇ ਇਹ ਬਹਾਨਾ ਬਣਾ ਕੇ ਅਮਨ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਉਨ੍ਹਾਂ ਦੀ ਭੈਣ ਨੂੰ ਮੈਸੇਜ ਕਰਦਾ ਹੈ। ਜਦੋਂ ਅਮਨ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਨਵਾਂ ਹੈ ਅਤੇ ਕਿਸੇ ਨੂੰ ਨਹੀਂ ਜਾਣਦਾ, ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜੂਡੋ ਖਿਡਾਰੀ ਹੋਣ ਕਾਰਨ ਅਮਨ ਨੇ ਇਕੱਲਿਆਂ ਹੀ ਉਨ੍ਹਾਂ ਦਾ ਮੁਕਾਬਲਾ ਕੀਤਾ, ਪਰ ਇਸੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਦੋ ਹੋਰ ਬਦਮਾਸ਼ ਉੱਥੇ ਆ ਗਏ। ਉਨ੍ਹਾਂ ਨੇ ਹਥਿਆਰਾਂ ਨਾਲ ਵਾਰ ਕਰਕੇ ਅਮਨ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸ ਦਾ ਮੋਟਰਸਾਈਕਲ ਲੁੱਟ ਕੇ ਫੁਹਾਰਾ ਚੌਂਕ ਵੱਲ ਫਰਾਰ ਹੋ ਗਏ। ਹਮਲਾ ਹੁੰਦਾ ਦੇਖ ਪੀੜਤ ਦਾ ਦੋਸਤ ਮੌਕੇ ਤੋਂ ਭੱਜ ਗਿਆ ਸੀ।

ਇਹ ਵਾਰਦਾਤ ਰਾਤ ਕਰੀਬ 12:30 ਵਜੇ ਵਾਪਰੀ। ਅਮਨ ਮੁਤਾਬਕ ਘਟਨਾ ਵਾਲੀ ਥਾਂ ਦੇ ਬਿਲਕੁਲ ਸਾਹਮਣੇ ਫੁੱਟਪਾਥ ‘ਤੇ ਕੁਝ ਲੋਕ ਸੁੱਤੇ ਹੋਏ ਸਨ, ਪਰ ਕੋਈ ਵੀ ਉਸ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਵਾਰਦਾਤ ਤੋਂ ਬਾਅਦ ਆਏ ਲੋਕਾਂ ਨੇ ਕਿਹਾ ਕਿ ਇੱਥੇ ਅਜਿਹੀਆਂ ਵਾਰਦਾਤਾਂ ਰੋਜ਼ ਹੁੰਦੀਆਂ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ।

ਪੀੜਤ ਅਮਨ ਸ਼ਰਮਾ ਨੇ ਦੁਖੀ ਮਨ ਨਾਲ ਦੱਸਿਆ ਕਿ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਉਸ ਦਾ ਜੂਡੋ ਦਾ ਨੈਸ਼ਨਲ ਲੈਵਲ ਦਾ ਮੈਚ ਸੀ। ਪਰ ਇਸ ਹਮਲੇ ਦੌਰਾਨ ਉਸ ਦੀ ਇੱਕ ਉਂਗਲ ਫਰੈਕਚਰ ਹੋ ਗਈ, ਜਿਸ ਕਾਰਨ ਉਸ ਦਾ ਸਾਲਾਂ ਦਾ ਸੁਪਨਾ ਟੁੱਟ ਗਿਆ ਅਤੇ ਉਹ ਇਸ ਅਹਿਮ ਮੈਚ ਵਿੱਚ ਹਿੱਸਾ ਨਹੀਂ ਲੈ ਸਕਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਣਪਛਾਤੇ ਬਦਮਾਸ਼ਾਂ ਖਿਲਾਫ ਐਫਆਈਆਰ (FIR) ਦਰਜ ਕਰ ਲਈ ਗਈ ਹੈ। ਦੂਜੇ ਪਾਸੇ, ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਚਾਰਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।