ਪੰਚਾਇਤ ਭੰਗ ਹੋਣ ਦੇ ਬਾਵਜੂਦ ਕਰੋੜਾਂ ਦੀ ਜ਼ਮੀਨ ਵੇਚਣ ਦਾ ਮਾਮਲਾ ਗਰਮਾਇਆ

ਪੰਜਾਬ
  • ਪਿੰਡ ਵਾਸੀਆਂ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ
  • ਸਾਬਕਾ ਸਰਪੰਚ ਅਤੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ 14 ਕਰੋੜ 40 ਲੱਖ ਰੁਪਏ ਦੀ ਪੰਚਾਇਤੀ ਜ਼ਮੀਨ ਪ੍ਰਾਈਵੇਟ ਬਿਲਡਰ ਨੂੰ ਵੇਚਣ ਦੇ ਦੋਸ਼
  • ਭਗਤ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਚੇਤੂ ਦੀ ਅਗਵਾਈ ਹੇਠ ਸੈਂਕੜੇ ਪਿੰਡ ਵਾਸੀਆਂ ਨੇ ਕੇਂਦਰੀ ਅਤੇ ਸੂਬਾਈ ਏਜੰਸੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ

ਐਸ.ਏ.ਐਸ. ਨਗਰ (ਮੁਹਾਲੀ): ਪਿੰਡ ਮੌਲੀ ਬੈਦਵਾਣ ਦੀ ਬੇਸ਼ਕੀਮਤੀ ਪੰਚਾਇਤੀ ਜ਼ਮੀਨ ਨੂੰ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਇੱਕ ਪ੍ਰਾਈਵੇਟ ਬਿਲਡਰ ਨੂੰ ਵੇਚਣ ਦਾ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਪਿੰਡ ਦੀ ਪੰਚਾਇਤ ਭੰਗ ਹੋਣ ਅਤੇ ਨਗਰ ਨਿਗਮ ਮੁਹਾਲੀ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਹੋਣ ਦੇ ਬਾਵਜੂਦ, ਕਰੋੜਾਂ ਰੁਪਏ ਦੀ ਇਸ ਜ਼ਮੀਨ ਦੀ ਰਜਿਸਟਰੀ ਬਿਲਡਰ ਦੇ ਨਾਮ ਕਰ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਕੇਂਦਰੀ ਤੇ ਸੂਬਾਈ ਜਾਂਚ ਏਜੰਸੀਆਂ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਪਿੰਡ ਦੇ ਮੋਹਤਬਰਾਂ—ਭਗਤ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਚੇਤੂ ਦੀ ਅਗਵਾਈ ਹੇਠ ਸੈਂਕੜੇ ਪਿੰਡ ਵਾਸੀਆਂ ਵੱਲੋਂ ਭੇਜੀ ਗਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪਿੰਡ ਮੌਲੀ ਬੈਦਵਾਣ ਦੀ ਪੰਚਾਇਤ ਕਈ ਮਹੀਨੇ ਪਹਿਲਾਂ ਨਗਰ ਨਿਗਮ ਵਿੱਚ ਸ਼ਾਮਲ ਹੋਣ ਕਾਰਨ ਕਾਨੂੰਨੀ ਤੌਰ ‘ਤੇ ਭੰਗ ਹੋ ਚੁੱਕੀ ਸੀ। ਨਿਯਮਾਂ ਮੁਤਾਬਕ ਪੰਚਾਇਤ ਕੋਲ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਣ ਜਾਂ ਜ਼ਮੀਨ ਵੇਚਣ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ ਸੀ। ਇਸ ਦੇ ਬਾਵਜੂਦ, ਸਾਬਕਾ ਸਰਪੰਚ ਨੇ ਕਥਿਤ ਤੌਰ ‘ਤੇ ਸਰਕਾਰੀ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਪਿੰਡ ਦੀ 3 ਕਨਾਲ 15 ਮਰਲੇ ਕੀਮਤੀ ਜ਼ਮੀਨ ਦੀ ਰਜਿਸਟਰੀ 14 ਕਰੋੜ 40 ਲੱਖ ਰੁਪਏ ਵਿੱਚ ਇੱਕ ਨਿੱਜੀ ਬਿਲਡਰ ਦੇ ਹੱਕ ਵਿੱਚ ਕਰਵਾ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਿੱਧੇ ਤੌਰ ‘ਤੇ ਜਨਤਕ ਜਾਇਦਾਦ ਨੂੰ ਲੁੱਟਣ ਅਤੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਹੈ।

ਇਸ ਵੱਡੇ ਵਿੱਤੀ ਲੈਣ-ਦੇਣ ਅਤੇ ਘੁਟਾਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪਿੰਡ ਵਾਸੀਆਂ ਅਤੇ ਸਥਾਨਕ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਅਤੇ ਸੂਬੇ ਦੀਆਂ ਉੱਚ ਪੱਧਰੀ ਜਾਂਚ ਏਜੰਸੀਆਂ ਤੋਂ ਕਰਵਾਈ ਜਾਵੇ। ਪਿੰਡ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਅਤੇ ਸਬੰਧਤ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਨਾ ਕੀਤਾ, ਤਾਂ ਸੈਂਕੜੇ ਪਿੰਡ ਵਾਸੀ ਇਨਸਾਫ਼ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਅਤੇ ਲੋੜ ਪੈਣ ‘ਤੇ ਤਿੱਖਾ ਸੰਘਰਸ਼ ਉਲੀਕਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।