- ਮਾਸੂਮ ਬੱਚੀ ਦੀ ਮੌਤ ਤੋਂ ਬਾਅਦ ਐਕਸ਼ਨ: ਪਹਿਲੇ ਦਿਨ ਰੈਸਕਿਊ ਕੀਤੇ 16 ਅਵਾਰਾ ਕੁੱਤੇ
ਮੋਰਿੰਡਾ 12 ਜੂਨ (ਭਟੋਆ)
ਸ਼ਹਿਰ ਦੇ ਵਾਰਡ ਨੰਬਰ ਇੱਕ ਵਿੱਚ ਸਥਿਤ ਗਾਰਡਨ ਕਲੋਨੀ ਵਿੱਚ ਇੱਕ 8 ਸਾਲਾ ਮਾਸੂਮ ਬੱਚੀ ਕੀਰਤੀ ਨੂੰ ਅਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰਨ ਦੀ ਖ਼ੌਫ਼ਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਜਿੱਥੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਹੈ, ਉੱਥੇ ਹੀ ਨਵੇਂ ਚੁਣੇ ਗਏ ਕੌਂਸਲਰਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ SDM ਚੇਤਨ ਬੰਗੜ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਸੀ। ਇਸ ਜਨਤਕ ਰੋਸ ਅਤੇ ਪ੍ਰਸ਼ਾਸਨਿਕ ਹਲਚਲ ਦੇ ਵਿਚਕਾਰ, ਹੁਣ ‘ਰੱਬ ਦੇ ਜੀਵ’ ਸੰਸਥਾ (NGO) ਨੇ ਮੋਰਿੰਡਾ ਦੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ।
ਮੈਡਮ ਮੀਨਾਕਸ਼ੀ ਮਲਿਕ ਦੀ ਅਗਵਾਈ ਹੇਠ ‘ਰੱਬ ਦੇ ਜੀਵ’ NGO ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਅਵਾਰਾ ਕੁੱਤਿਆਂ ਨੂੰ ਫੜਨ (ਰੈਸਕਿਊ ਕਰਨ) ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੁਹਿੰਮ ਦੇ ਪਹਿਲੇ ਪੜਾਅ ਦੌਰਾਨ ਟੀਮ ਵੱਲੋਂ ਵਾਰਡ ਨੰਬਰ ਇਕ ਵਿੱਚੋ 16 ਅਵਾਰਾ ਕੁੱਤੇ ਫੜੇ ਗਏ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਐਨਜੀਓ ਦੀ ਮੁਖੀ ਮੈਡਮ ਮੀਨਾਕਸ਼ੀ ਮਲਿਕ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਮਾਸੂਮ ਕੀਰਤੀ ਦੀ ਮੌਤ ਨੂੰ ਬੇਹੱਦ ਦੁਖਦਾਈ ਦੱਸਦਿਆਂ ਟੀਮ ਨੇ ਕੀਰਤੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਹ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੈਦਾਨ ਵਿੱਚ ਉੱਤਰੇ ਹਨ।
ਮੈਡਮ ਮੀਨਾਕਸ਼ੀ ਮਲਿਕ ਅਤੇ ਟੀਮ ਨੇ ਸਪੱਸ਼ਟ ਕੀਤਾ ਕਿ ਕਈ ਵਾਰ ਭੁੱਖ, ਬਿਮਾਰੀ ਜਾਂ ਇਲਾਕੇ ਵਿੱਚ ਕੂੜੇ ਦੇ ਢੇਰਾਂ ਕਾਰਨ ਕੁੱਤੇ ਵਧੇਰੇ ਹਿੰਸਕ (Aggressive) ਹੋ ਜਾਂਦੇ ਹਨ।
ਮੈਡਮ ਮੀਨਾਕਸ਼ੀ ਨੇ ਦੱਸਿਆ ਕਿ ਸੰਸਥਾ, ਦੇ ਮੋਹਾਲੀ ਵਿਖੇ ਸ਼ੈਲਟਰ ਵਿੱਚ 170 ਤੋਂ 200 ਦੇ ਕਰੀਬ ਕੁੱਤੇ ਬਿੱਲੀਆਂ ਤੇ ਪੰਛੀ ਰੱਖੇ ਗਏ ਹਨ ਜਿਨਾਂ ਦੀ ਬਕਾਇਦਾ ਡਾਕਟਰਾਂ ਵੱਲੋਂ ਦੇਖਭਾਲ ਕਰਕੇ ਦਵਾਈ ਆ ਦਿੱਤੀ ਜਾਂਦੀ ਹੈ ਉਹਨਾਂ ਦੱਸਿਆ ਕਿ, ਫੜੇ ਗਏ ਕੁੱਤਿਆਂ ਨੂੰ ਅਜਿਹੀ ਜਗ੍ਹਾ ‘ਤੇ ਰੱਖਿਆ ਜਾਵੇਗਾ ਜਿੱਥੇ ਉਹ ਲੋਕਾਂ, ਖ਼ਾਸਕਰ ਬੱਚਿਆਂ ਲਈ ਖ਼ਤਰਾ ਨਾ ਬਣ ਸਕਣ। ਇਸ ਦੇ ਨਾਲ ਹੀ ਉਨ੍ਹਾਂ ਦੀ ਨਸਬੰਦੀ (Sterilization) ਅਤੇ ਵੈਕਸੀਨੇਸ਼ਨ ਦਾ ਕੰਮ ਵੀ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਇਨ੍ਹਾਂ ਦੀ ਗਿਣਤੀ ਅਤੇ ਹਿੰਸਕ ਰਵੱਈਏ ‘ਤੇ ਕਾਬੂ ਪਾਇਆ ਜਾ ਸਕੇ।
ਟੀਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਵੀ ਅਵਾਰਾ ਕੁੱਤਿਆਂ ਦੇ ਝੁੰਡ ਦਿਖਾਈ ਦੇਣ, ਉਹ ਸੰਸਥਾ ਜਾਂ ਨਗਰ ਕੌਂਸਲ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।
ਲੋਕਾਂ ਨੇ ਸਾਹ ਲਿਆ ਸੁੱਖ ਦਾ, ਪਰ ਪੱਕੇ ਹੱਲ ਦੀ ਮੰਗ
ਐਨਜੀਓ ਵੱਲੋਂ ਕੁੱਤੇ ਫੜਨ ਦੀ ਮੁਹਿੰਮ ਸ਼ੁਰੂ ਹੋਣ ਮਗਰੋਂ ਮੋਰਿੰਡਾ ਵਾਸੀਆਂ ਨੇ ਕੁਝ ਹੱਦ ਤੱਕ ਸੁੱਖ ਦਾ ਸਾਹ ਲਿਆ ਹੈ। ਹਾਲਾਂਕਿ, ਸਥਾਨਕ ਲੋਕਾਂ ਅਤੇ ਕੌਂਸਲਰਾਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਸਿਰਫ਼ ਕੁਝ ਦਿਨਾਂ ਦੀ ਨਹੀਂ ਹੋਣੀ ਚਾਹੀਦੀ, ਬਲਕਿ ਪੂਰੇ ਸ਼ਹਿਰ ਨੂੰ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਆਤੰਕ ਤੋਂ ਪੂਰੀ ਤਰ੍ਹਾਂ ਮੁਕਤ ਕਰਵਾਉਣ ਲਈ ਪ੍ਰਸ਼ਾਸਨ ਨੂੰ ਇੱਕ ਪੱਕੀ ਨੀਤੀ ਬਣਾਉਣੀ ਪਵੇਗੀ।



