Weather Alert: ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਮੌਸਮ ‘ਚ ਬਦਲਾਅ ਦੇ ਬਾਵਜੂਦ ਸਾਵਧਾਨੀ ਜ਼ਰੂਰੀ; ਧੁੱਪ ਨਿਕਲਣ ‘ਤੇ ਮੁੜ ਸਤਾ ਸਕਦੀ ਹੈ ਗਰਮੀ: ਮੌਸਮ ਮਾਹਰ
ਚੰਡੀਗੜ੍ਹ, 14 ਜੂਨ 2026 –
ਮੌਸਮ ਵਿਭਾਗ ਦੇ ਮਾਹਰਾਂ ਅਨੁਸਾਰ ਪੰਜਾਬ ਵਿੱਚ 100 ਮਿਲੀਮੀਟਰ ਤੱਕ ਮੀਂਹ ਰਿਕਾਰਡ ਕੀਤਾ ਗਿਆ ਹੈ। ਲਗਾਤਾਰ ਹੋਈ ਬਾਰਸ਼ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪਿੰਡਾ ਝੁਲਸਾ ਦੇਣ ਵਾਲੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਮੀਂਹ ਅਤੇ ਠੰਢੀਆਂ ਹਵਾਵਾਂ ਕਾਰਨ ਮਿਲੀ ਰਾਹਤ ਨੂੰ ਦੇਖਦਿਆਂ ਲੋਕਾਂ ਨੂੰ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ। ਮੌਸਮ ਵਿੱਚ ਆਇਆ ਇਹ ਬਦਲਾਅ ਆਰਜ਼ੀ (ਅਸਥਾਈ) ਵੀ ਹੋ ਸਕਦਾ ਹੈ ਅਤੇ ਧੁੱਪ ਨਿਕਲਣ ਤੋਂ ਬਾਅਦ ਗਰਮੀ ਦੁਬਾਰਾ ਵਧ ਸਕਦੀ ਹੈ।
ਅਜਿਹੇ ਹਾਲਾਤ ਵਿੱਚ ਲੋਕਾਂ ਨੂੰ ਭਰਪੂਰ ਮਾਤਰਾ ਵਿੱਚ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ, ਧੁੱਪ ਵਿੱਚ ਨਿਕਲਣ ਵੇਲੇ ਸਿਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ। ਮਾਹਰਾਂ ਅਨੁਸਾਰ ਗਰਮੀ ਦਾ ਪ੍ਰਭਾਵ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ, ਇਸ ਲਈ ਸਿਹਤ ਸੰਬੰਧੀ ਸਾਵਧਾਨੀਆਂ ਜਾਰੀ ਰੱਖਣਾ ਬੇਹੱਦ ਜ਼ਰੂਰੀ ਹੈ।



