ਵੱਡੀ ਖ਼ਬਰ: Punjabi Tadka ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ; ਮਚੀ ਹਾਹਾਕਾਰ
ਨਵੀਂ ਦਿੱਲੀ, 14 ਜੂਨ 2026 – ਦੱਖਣੀ ਦਿੱਲੀ ਦੇ ਕਾਲਕਾਜੀ ਇਲਾਕੇ ਵਿੱਚ ਅੱਜ ਸਵੇਰੇ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਇੱਕ ਬਹੁਮੰਜ਼ਿਲਾ ਇਮਾਰਤ ਵਿੱਚ ਸਥਿਤ ਰੈਸਟੋਰੈਂਟ ਵਿੱਚ ਭਿਆਨਕ ਅੱਗ ਲੱਗ ਗਈ।
ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਮਾਰਤ ਦੇ ਅੰਦਰ ਰੱਖੇ ਤਿੰਨ ਵੱਡੇ ਕਮਰਸ਼ੀਅਲ ਐਲ.ਪੀ.ਜੀ. (LPG) ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਏ, ਜਿਸ ਕਾਰਨ ਅੱਗ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ।
ਦਿੱਲੀ ਫਾਇਰ ਸਰਵਿਸ (DFS) ਨੇ ਮੁਸਤੈਦੀ ਦਿਖਾਉਂਦੇ ਹੋਏ ਨਾ ਸਿਰਫ਼ ਸਮੇਂ ਸਿਰ ਅੱਗ ‘ਤੇ ਕਾਬੂ ਪਾਇਆ, ਬਲਕਿ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਫਸੀ ਇੱਕ ਬਜ਼ੁਰਗ ਮਹਿਲਾ ਨੂੰ ਮੌਤ ਦੇ ਮੂੰਹ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ। ਚੰਗੀ ਕਿਸਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਦਿੱਲੀ ਫਾਇਰ ਸਰਵਿਸ (DFS) ਅਨੁਸਾਰ, ਸਵੇਰੇ ਕਰੀਬ 4:45 ਵਜੇ ਕਾਲਕਾਜੀ-ਗੋਵਿੰਦਪੁਰੀ ਫਲਾਈਓਵਰ ਦੇ ਨੇੜੇ ਅੰਜਲੀ ਜਵੈਲਰਜ਼ ਅਤੇ ਦੇਸ਼ ਬੰਧੂ ਗੁਪਤਾ ਕਾਲਜ ਦੇ ਕੋਲ H-ਬਲਾਕ ਵਿੱਚ ਸਥਿਤ ‘ਪੰਜਾਬੀ ਤੜਕਾ’ (Punjabi Tadka) ਰੈਸਟੋਰੈਂਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਅੱਗ ਬੁਝਾਉਣ ਦੀ ਸ਼ੁਰੂਆਤੀ ਕਾਰਵਾਈ ਵਿੱਚ ਫਾਇਰ ਬ੍ਰਿਗੇਡ ਦੀਆਂ 6 ਹਾਈਟੈਕ ਗੱਡੀਆਂ (ਫਾਇਰਫਾਈਟਿੰਗ ਯੂਨਿਟਾਂ) ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਦੋ ਵਾਟਰ ਟੈਂਡਰ, ਤਿੰਨ ਵਾਟਰ ਬਾਊਜ਼ਰ ਅਤੇ ਇੱਕ ਬ੍ਰੀਦਿੰਗ ਅਪੈਰੇਟਸ ਸਪੋਰਟ ਵ੍ਹੀਕਲ ਸ਼ਾਮਲ ਸਨ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।



