- ਪਾਕਿਸਤਾਨ ਵਿੱਚ ਪੁਲਿਸ ਫਾਇਰਿੰਗ ‘ਚ 9 ਸਾਲਾ ਆਸਟ੍ਰੇਲੀਆਈ ਬੱਚੀ ਦੀ ਮੌਤ
ਨਵੀਂ ਦਿੱਲੀ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੁਲਿਸ ਗੋਲੀਬਾਰੀ ਵਿੱਚ ਇੱਕ 9 ਸਾਲਾ ਆਸਟ੍ਰੇਲੀਆਈ-ਪਾਕਿਸਤਾਨੀ ਕੁੜੀ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰਕ ਕਾਰ ਨੂੰ ਲੁਟੇਰਿਆਂ ਦੀ ਗੱਡੀ ਸਮਝ ਕੇ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਵਿੱਚ ਲੜਕੀ ਦੇ ਪਿਤਾ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ।
ਇਹ ਘਟਨਾ 10 ਜੂਨ ਨੂੰ ਚੱਕਵਾਲ ਜ਼ਿਲ੍ਹੇ ਵਿੱਚ ਵਾਪਰੀ। ਪੁਲਿਸ ਅਨੁਸਾਰ, ਅਦੀਲ ਅਹਿਮਦ ਆਪਣੀ ਪਤਨੀ, 9 ਸਾਲਾ ਧੀ ਹਨੀਆ ਅਤੇ 10 ਸਾਲਾ ਪੁੱਤਰ ਆਫਾਨ ਨਾਲ ਇੱਕ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ। ਰਸਤੇ ਵਿੱਚ, ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਅਦੀਲ ਨੇ ਪੁਲਿਸ ਹੈਲਪਲਾਈਨ ‘ਤੇ ਕਾਲ ਕੀਤੀ।
ਸੂਚਨਾ ਮਿਲਣ ‘ਤੇ, ਅਪਰਾਧ ਕੰਟਰੋਲ ਵਿਭਾਗ (ਸੀਸੀਡੀ) ਦੀ ਟੀਮ ਮੌਕੇ ‘ਤੇ ਪਹੁੰਚੀ, ਪਰਿਵਾਰ ਦੀ ਕਾਰ ਨੂੰ ਸ਼ੱਕੀ ਸਮਝ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਨਾਲ ਛਲਨੀ ਕਾਰ ਵਿੱਚ ਬੈਠੀ ਹਨੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੇ ਪਿਤਾ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ। ਜਦ ਕਿ ਮਾਂ ਸੁਰੱਖਿਅਤ ਹੈ।
ਪੁਲਿਸ ਨੇ ਇਸ ਘਟਨਾ ਵਿੱਚ ਗੋਲੀਬਾਰੀ ਕਰਨ ਵਾਲੇ ਇੱਕ ਸੀਸੀਡੀ ਅਧਿਕਾਰੀ ਨੂੰ ਕਤਲ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।



