Punjab Breaking: ਭਿਆਨਕ ਸੜਕ ਹਾਦਸੇ ‘ਚ ਦੋ ਸਕੇ ਭਰਾਵਾਂ ਦੀ ਮੌਤ
ਚੰਡੀਗੜ੍ਹ, 16 ਜੂਨ 2026 –
Punjab Breaking: ਮੰਡੀ ਗੋਬਿੰਦਗੜ੍ਹ ਦੇ ਸਥਾਨਕ ਚਾਨਣ ਰਾਮ ਪੈਟਰੋਲ ਪੰਪ ਦੇ ਨੇੜੇ ਫਲਾਈਓਵਰ ਪੁਲ ‘ਤੇ ਇੱਕ ਦਰਦਨਾਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੋਵੇਂ ਭਰਾ ਦੋਰਾਹਾ (ਜ਼ਿਲ੍ਹਾ ਲੁਧਿਆਣਾ) ਦੇ ਰਹਿਣ ਵਾਲੇ ਸਨ।
ਜਾਣਕਾਰੀ ਅਨੁਸਾਰ ਇੱਕ ਵਿਅਕਤੀ ਆਪਣੇ ਟੈਂਪੂ (PB-10-FV-4193) ਵਿੱਚ ਪਾਣੀ ਦੀ ਟੈਂਕੀ ਲੈ ਕੇ ਸਰਹਿੰਦ ਵਾਲੀ ਸਾਈਡ ਤੋਂ ਆ ਰਿਹਾ ਸੀ। ਜਦੋਂ ਉਹ ਚਾਨਣ ਰਾਮ ਪੈਟਰੋਲ ਪੰਪ ਦੇ ਨੇੜੇ ਪਹੁੰਚਿਆ ਤਾਂ ਉਸ ਦਾ ਵਾਹਨ ਅਚਾਨਕ ਖ਼ਰਾਬ ਹੋ ਕੇ ਬੰਦ ਹੋ ਗਿਆ। ਇਸ ਤੋਂ ਬਾਅਦ ਚਾਲਕ ਨੇ ਆਪਣੇ ਭਰਾ ਨੂੰ ਫੋਨ ਕਰਕੇ ਪਿੰਡ ਰਾਮਪੁਰ ਤੋਂ ਬੈਟਰੀ ਲੈ ਕੇ ਆਉਣ ਲਈ ਕਿਹਾ।
ਕੁਝ ਸਮੇਂ ਬਾਅਦ ਉਸ ਦਾ ਭਰਾ ਆਪਣੀ ਬ੍ਰੀਜ਼ਾ ਕਾਰ ਵਿੱਚ ਬੈਟਰੀ ਲੈ ਕੇ ਮੌਕੇ ‘ਤੇ ਪਹੁੰਚ ਗਿਆ। ਜਦੋਂ ਦੋਵੇਂ ਭਰਾ ਖ਼ਰਾਬ ਵਾਹਨ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਇਸੇ ਦੌਰਾਨ ਸਰਹਿੰਦ ਦੀ ਤਰਫ਼ੋਂ ਆ ਰਹੇ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਭਰਾ ਫਲਾਈਓਵਰ ਤੋਂ ਕਰੀਬ 40 ਫੁੱਟ ਹੇਠਾਂ ਜਾ ਗਿਰੇ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਜਗਜੀਤ ਸਿੰਘ ਅਤੇ ਹਰਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਅਵਤਾਰ ਸਿੰਘ ਦੇ ਪੁੱਤਰ ਸਨ ਅਤੇ ਪਿੰਡ ਰਾਮਪੁਰ (ਤਹਿਸੀਲ ਪਾਇਲ, ਥਾਣਾ ਦੋਰਾਹਾ) ਦੇ ਨਿਵਾਸੀ ਸਨ। ਦੱਸਿਆ ਜਾ ਰਿਹਾ ਹੈ ਕਿ ਹਰਜੀਤ ਸਿੰਘ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਹ ਖ਼ੁਦ ਵੀ ਆਉਂਦੀ 26 ਜੂਨ ਨੂੰ ਕੈਨੇਡਾ ਜਾਣ ਵਾਲਾ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ।
ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਦੇ ਕਰੀਬ 12 ਵਜੇ ਵਾਪਰਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸਹਾਇਕ ਥਾਣਾ ਮੁਖੀ (ASI) ਤਿਲਕ ਰਾਜ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।



