ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਤਬਾਦਲਿਆਂ ਨੂੰ ਲੈ ਕੇ ਵੱਡਾ ਫੈਸਲਾ; ਸਮਾਂ-ਸੀਮਾ ‘ਚ ਕੀਤਾ ਵਾਧਾ
ਚੰਡੀਗੜ੍ਹ 16 ਜੂਨ, 2026– ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ (General Transfers) ਅਤੇ ਤੈਨਾਤੀਆਂ ਨੂੰ ਲੈ ਕੇ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਫੈਸਲਾ ਲਿਆ ਹੈ। ਸਰਕਾਰ ਨੇ ਮੁਲਾਜ਼ਮਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਆਮ ਤਬਾਦਲਿਆਂ ਲਈ ਨਿਰਧਾਰਿਤ ਕੀਤੀ ਗਈ ਸਮਾਂ-ਸੀਮਾ ਵਿੱਚ ਵਾਧਾ ਕਰ ਦਿੱਤਾ ਹੈ।
30 ਜੂਨ ਤੱਕ ਹੋ ਸਕਣਗੇ ਤਬਾਦਲੇ
ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਅਨੁਸਾਰ, ਪਹਿਲਾਂ ਆਮ ਤਬਾਦਲਿਆਂ ਲਈ ਮਿਆਦ 15 ਅਪ੍ਰੈਲ 2026 ਤੋਂ 14 ਜੂਨ 2026 ਤੱਕ ਨਿਰਧਾਰਿਤ ਕੀਤੀ ਗਈ ਸੀ। ਹੁਣ ਇਸ ਮਿਆਦ ਨੂੰ ਵਧਾ ਕੇ 30 ਜੂਨ 2026 ਤੱਕ ਕਰ ਦਿੱਤਾ ਗਿਆ ਹੈ।
ਇਸ ਨਵੇਂ ਫੈਸਲੇ ਤਹਿਤ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਆਮ ਬਦਲੀਆਂ ਅਤੇ ਤੈਨਾਤੀਆਂ ਲਈ ਅਰਜ਼ੀਆਂ 30 ਜੂਨ 2026 ਤੱਕ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਇਸੇ ਮਿਆਦ ਦੇ ਅੰਦਰ-ਅੰਦਰ ਤਬਾਦਲੇ ਕੀਤੇ ਜਾ ਸਕਣਗੇ। ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੇਗੀ, ਜੋ ਕਿਸੇ ਕਾਰਨ ਕਰਕੇ ਪਹਿਲਾਂ ਅਰਜ਼ੀ ਦੇਣ ਤੋਂ ਖੁੰਝ ਗਏ ਸਨ।
ਸਰਕਾਰ ਨੇ ਨੋਟੀਫਿਕੇਸ਼ਨ ਵਿੱਚ ਇਹ ਵੀ ਸਪੱਸ਼ਟ ਕੀਤਾ ਹੈ ਕਿ 30 ਜੂਨ 2026 ਤੋਂ ਬਾਅਦ ਆਮ ਬਦਲੀਆਂ ‘ਤੇ ਮੁਕੰਮਲ ਰੂਪ ਵਿੱਚ ਰੋਕ ਲੱਗ ਜਾਵੇਗੀ। ਇਸ ਮਿਤੀ ਤੋਂ ਬਾਅਦ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਦਾ ਤਬਾਦਲਾ ਆਮ ਪ੍ਰਕਿਰਿਆ ਤਹਿਤ ਨਹੀਂ ਹੋਵੇਗਾ, ਬਲਕਿ ਸਿਰਫ਼ ਵਿਸ਼ੇਸ਼ ਅਤੇ ਹੰਗਾਮੀ ਹਾਲਾਤਾਂ ਵਿੱਚ ਹੀ ਕੀਤਾ ਜਾ ਸਕੇਗਾ।
ਨਵੇਂ ਹੁਕਮਾਂ ਵਿੱਚ ਇਹ ਸਾਫ਼ ਕੀਤਾ ਗਿਆ ਹੈ ਕਿ 30 ਜੂਨ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ, ਜੇਕਰ ਕੋਈ ਤਬਾਦਲਾ ਜਾਂ ਤੈਨਾਤੀ ਕਰਨੀ ਲਾਜ਼ਮੀ ਹੁੰਦੀ ਹੈ, ਤਾਂ ਉਸ ਨੂੰ 23 ਅਪ੍ਰੈਲ 2018 ਦੀ ਪ੍ਰਚਲਿਤ ਟਰਾਂਸਫਰ ਪਾਲਿਸੀ (Transfer Policy) ਦੇ ਉਪਬੰਧਾਂ ਅਤੇ ਨਿਯਮਾਂ ਅਨੁਸਾਰ ਹੀ ਮਨਜ਼ੂਰੀ ਦਿੱਤੀ ਜਾਵੇਗੀ।



