BREAKING: ਸਰਚ ਆਪਰੇਸ਼ਨ ਦੌਰਾਨ 7 ਅੱਤਵਾਦੀ ਗ੍ਰਿਫ਼ਤਾਰ; ਭਾਰੀ ਮਾਤਰਾ ‘ਚ ਹਥਿਆਰ ਬਰਾਮਦ
ਇੰਫਾਲ ਪੱਛਮੀ, ਇੰਫਾਲ ਪੂਰਬੀ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਚਲਾਇਆ ਗਿਆ ਸਾਂਝਾ ਸਰਚ ਆਪਰੇਸ਼ਨ
ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਕੋਲੋਂ 10 ਰਾਈਫਲਾਂ, ਪਿਸਤੌਲ ਅਤੇ ਭਾਰੀ ਗੋਲਾ-ਬਾਰੂਦ ਬਰਾਮਦ
ਸੁਰੱਖਿਆ ਫੋਰਸਾਂ ਵੱਲੋਂ ਇਲਾਕੇ ਵਿੱਚ ਚੌਕਸੀ ਵਧਾਈ ਗਈ, ਸਰਚ ਮੁਹਿੰਮ ਅਜੇ ਵੀ ਜਾਰੀ।
ਇੰਫਾਲ, ਚੰਡੀਗੜ੍ਹ, 18 ਜੂਨ 2026
ਮਣੀਪੁਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਸੁਰੱਖਿਆ ਫੋਰਸਾਂ ਵੱਲੋਂ ਲਗਾਤਾਰ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਸੁਰੱਖਿਆ ਫੋਰਸਾਂ ਨੇ ਇੱਕ ਸਾਂਝੇ ਅਪ੍ਰੇਸ਼ਨ ਤਹਿਤ ਮਣੀਪੁਰ ਦੇ ਤਿੰਨ ਪ੍ਰਮੁੱਖ ਜ਼ਿਲ੍ਹਿਆਂ ਇੰਫਾਲ ਪੱਛਮੀ, ਇੰਫਾਲ ਪੂਰਬੀ ਅਤੇ ਬਿਸ਼ਨੂਪੁਰ ਵਿੱਚ ਵੱਡੇ ਪੱਧਰ ‘ਤੇ ਸਰਚ ਆਪਰੇਸ਼ਨ ਚਲਾਇਆ। ਇਸ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਵੱਖ-ਵੱਖ ਥਾਵਾਂ ਤੋਂ 7 ਸਰਗਰਮ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਇਹ ਅੱਤਵਾਦੀ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਸੁਰੱਖਿਆ ਫੋਰਸਾਂ ਨੇ ਜਦੋਂ ਇਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਤਾਂ ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ। ਬਰਾਮਦ ਕੀਤੇ ਗਏ ਸਮਾਨ ਵਿੱਚ 10 ਰਾਈਫਲਾਂ, ਪਿਸਤੌਲ ਅਤੇ ਵੱਡੀ ਗਿਣਤੀ ਵਿੱਚ ਜ਼ਿੰਦਾ ਕਾਰਤੂਸ ਸ਼ਾਮਲ ਹਨ।
ਇਸ ਸਫ਼ਲ ਆਪਰੇਸ਼ਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਫੜੇ ਗਏ ਅੱਤਵਾਦੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਨੈੱਟਵਰਕ ਅਤੇ ਆਉਣ ਵਾਲੇ ਦਿਨਾਂ ਦੇ ਹੋਰ ਖ਼ਤਰਨਾਕ ਮਨਸੂਬਿਆਂ ਦਾ ਪਤਾ ਲਗਾਇਆ ਜਾ ਸਕੇ। ਇਸ ਗ੍ਰਿਫ਼ਤਾਰੀ ਤੋਂ ਬਾਅਦ ਇੰਫਾਲ ਅਤੇ ਬਿਸ਼ਨੂਪੁਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ ਅਤੇ ਫੋਰਸਾਂ ਵੱਲੋਂ ਹਾਈ ਅਲਰਟ ਜਾਰੀ ਰੱਖਦਿਆਂ ਤਲਾਸ਼ੀ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ।



