BREAKING: “ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਭਲਕੇ ਤੋਂ 3 ਦਿਨਾਂ ਪੰਜਾਬ ਦੌਰੇ ‘ਤੇ
“ਪੰਜਾਬ ‘ਚ ਸਿਆਸੀ ਸਰਗਰਮੀਆਂ ਤੇਜ਼: ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ‘ਚ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ ਨਿਤਿਨ ਨਬੀਨ”
“ਭਾਜਪਾ ਵਰਕਰਾਂ ‘ਚ ਭਾਰੀ ਉਤਸ਼ਾਹ; ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ”
ਚੰਡੀਗੜ੍ਹ/ਅੰਮ੍ਰਿਤਸਰ, 19 ਜੂਨ 2026 –
ਭਾਰਤੀ ਜਨਤਾ ਪਾਰਟੀ (BJP) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਭਲਕੇ (20 ਜੂਨ) ਤੋਂ ਪੰਜਾਬ ਦੇ ਤਿੰਨ ਦਿਨਾਂ ਅਹਿਮ ਦੌਰੇ ‘ਤੇ ਆ ਰਹੇ ਹਨ। ਭਾਜਪਾ ਪੰਜਾਬ ਦੇ ਸੂਬਾ ਮਹਾਮੰਤਰੀ ਅਨਿਲ ਸਰੀਨ ਨੇ ਇਸ ਦੌਰੇ ਦੀ ਅਧਿਕਾਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੌਮੀ ਪ੍ਰਧਾਨ 20 ਜੂਨ ਤੋਂ 22 ਜੂਨ ਤੱਕ ਸੂਬੇ ਵਿੱਚ ਰਹਿਣਗੇ।
ਆਪਣੇ ਇਸ ਤਿੰਨ ਦਿਨਾਂ ਦੌਰੇ ਦੌਰਾਨ ਨਬੀਨ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕਈ ਧਾਰਮਿਕ, ਸਮਾਜਿਕ, ਸੰਗਠਨਾਤਮਕ (Organizational) ਅਤੇ ਬੌਧਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਨਗੇ।
ਨਿਤਿਨ ਨਬੀਨ 20 ਜੂਨ ਨੂੰ ਸਭ ਤੋਂ ਪਹਿਲਾਂ ਪਵਿੱਤਰ ਨਗਰੀ ਅੰਮ੍ਰਿਤਸਰ ਪਹੁੰਚਣਗੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਦੌਰੇ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਉਹ ਦੇਸ਼ ਦੇ ਸ਼ਹੀਦਾਂ ਨੂੰ ਨਮਨ ਕਰਨ ਲਈ ਇਤਿਹਾਸਕ ਜਲਿਆਂਵਾਲਾ ਬਾਗ ਜਾਣਗੇ। ਨਾਲ ਹੀ ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਵਿਖੇ ਵੀ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰਨਗੇ।
ਅੰਮ੍ਰਿਤਸਰ ਵਿਖੇ ਪੰਜਾਬ ਦੀ ਅਮੀਰ ਆਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਿਜਦਾ ਕਰਨ ਤੋਂ ਬਾਅਦ, ਉਹ ਸ਼ਾਮ ਨੂੰ ਜਲੰਧਰ ਲਈ ਰਵਾਨਾ ਹੋਣਗੇ। ਜਲੰਧਰ ਵਿਖੇ ਭਾਜਪਾ ਦੇ ਸੀਨੀਅਰ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵੱਲੋਂ ਉਨ੍ਹਾਂ ਦੇ ਸਵਾਗਤ ਲਈ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ, ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।



