- ਆਪਣੀਆਂ ਮੰਗਾਂ ਨੂੰ ਲੈ ਕੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਵਫ਼ਦ ਡਾਇਰੈਕਟਰ ਸਕੂਲ ਸਿੱਖਿਆ ਨੂੰ ਮਿਲਿਆ
- ਲੈਕਚਰਾਰਾਂ ਦੀਆਂ ਤਰੱਕੀਆਂ ਅਤੇ ਹੋਰ ਅਹਿਮ ਮੁੱਦਿਆਂ ‘ਤੇ ਹੋਈ ਵਿਚਾਰ-ਚਰਚਾ
ਚੰਡੀਗੜ੍ਹ: ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਇੱਕ ਉੱਚ-ਪੱਧਰੀ ਵਫ਼ਦ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਜੀ ਦੀ ਅਗਵਾਈ ਵਿੱਚ ਮਾਨਯੋਗ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ, ਸਰਦਾਰ ਸਕੱਤਰ ਸਿੰਘ ਬੱਲ ਜੀ ਨੂੰ ਮਿਲਿਆ। ਇਸ ਮੁਲਾਕਾਤ ਦੌਰਾਨ ਵਫ਼ਦ ਵੱਲੋਂ ਲੈਕਚਰਾਰ ਕਾਡਰ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਮਸਲਿਆਂ ਨੂੰ ਬੜੀ ਗੰਭੀਰਤਾ ਨਾਲ ਡਾਇਰੈਕਟਰ ਸਿੱਖਿਆ ਦੇ ਸਾਹਮਣੇ ਰੱਖਿਆ | ਇਸ ਸੰਬੰਧੀ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ ਨੂੰ ਤਿਆਰ ਕਰਨ ਸਮੇਂ ਰਹੀਆਂ ਵਿਭਾਗੀ ਅੜਚਨਾਂ ਅਤੇ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਅਤੇ ਸੀਨੀਅਰਤਾ ਸੂਚੀ ਤੇ ਪੁਨਰ ਵਿਚਾਰ ਕਰਨ ਲਈ ਬੇਨਤੀ ਕੀਤੀ ਗਈ |
ਇਸ ਦੇ ਨਾਲ਼ ਹੀ ਲੰਮੇ ਸਮੇਂ ਤੋਂ ਰੁਕੀਆਂ ਹੋਈਆਂ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ (Promotions) ਦੇ ਮਾਮਲੇ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ। ਵਫ਼ਦ ਨੇ ਡਾਇਰੈਕਟਰ ਜੀ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਵੇਲੇ ਫੀਲਡ (ਸਕੂਲਾਂ) ਵਿੱਚ ਪ੍ਰਿੰਸੀਪਲਾਂ ਦੀਆਂ ਲਗਭਗ 1200 ਅਸਾਮੀਆਂ ਖਾਲੀ ਪਈਆਂ ਹਨ ਜਿਸ ਨਾਲ਼ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ |ਯੂਨੀਅਨ ਵੱਲੋਂ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਪੂਰਨ ਸਹਿਗਲ ਜਨਰਲ ਸਕੱਤਰ ਫਤਹਿਗੜ ਸਾਹਿਬ ਨੇ ਚਿੰਤਾ ਪ੍ਰਗਟਾਈ ਕਿ ਸਕੂਲਾਂ ਵਿੱਚ ਮੁਖੀਆਂ (ਪ੍ਰਿੰਸੀਪਲਾਂ) ਦੀ ਘਾਟ ਕਾਰਨ ਪ੍ਰਬੰਧਕੀ ਢਾਂਚਾ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਸਿੱਧੇ ਤੌਰ ‘ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਮਾਨਯੋਗ ਡਾਇਰੈਕਟਰ ਸਕੂਲ ਸਿੱਖਿਆ, ਸਰਦਾਰ ਸਕੱਤਰ ਸਿੰਘ ਬੱਲ ਜੀ ਨੇ ਯੂਨੀਅਨ ਦੇ ਵਫ਼ਦ ਦੀਆਂ ਸਾਰੀਆਂ ਗੱਲਾਂ ਨੂੰ ਬਹੁਤ ਹੀ ਧਿਆਨ ਅਤੇ ਹਮਦਰਦੀ ਨਾਲ ਸੁਣਿਆ। ਉਨ੍ਹਾਂ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਵਿਭਾਗ ਵੱਲੋਂ ਇਨ੍ਹਾਂ ਸਾਰੇ ਮਸਲਿਆਂ ਨੂੰ ਹਰ ਪੱਧਰ ‘ਤੇ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਸੀਨੀਆਰਤਾ ਸੂਚੀ ਸਮੇਤ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਦੇ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।



