Hooliganism in Punjab! Punjab ‘ਚ ਗੁੰਡਾਗਰਦੀ: ਪ੍ਰੇਮੀ ਜੋੜੇ ‘ਤੇ ਹਮਲਾ, ਜਾਨ ਬਚਾਉਣ ਲਈ ਨਹਿਰ ‘ਚ ਕੁੱਦੀ ਮੁਟਿਆਰ
Hooliganism in Punjab! ਲੁਧਿਆਣਾ, 20 ਜੂਨ 2026 – ਲੁਧਿਆਣਾ ਦੇ ਨੀਲੋਂ ਨਹਿਰ ਪੁਲ ਦੇ ਨੇੜੇ ਕੁਝ ਦਰਿੰਦਿਆਂ ਵੱਲੋਂ ਇੱਕ ਪ੍ਰੇਮੀ ਜੋੜੇ ਦਾ ਰਾਹ ਰੋਕ ਕੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਆਪਣੀ ਜਾਨ ਬਚਾਉਣ ਲਈ ਮੁਟਿਆਰ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਬਚਾਉਣ ਲਈ ਉਸ ਦਾ ਦੋਸਤ ਵੀ ਪਾਣੀ ਵਿੱਚ ਕੁੱਦ ਗਿਆ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਆਪਣੀ ਮਹਿਲਾ ਦੋਸਤ ਨਾਲ ਮੋਟਰਸਾਈਕਲ ‘ਤੇ ਨੀਲੋਂ ਨਹਿਰ ਪੁਲ ਦੇ ਕੋਲੋਂ ਲੰਘ ਰਿਹਾ ਸੀ। ਇਸੇ ਦੌਰਾਨ ਘਾਤ ਲਗਾ ਕੇ ਬੈਠੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ।
ਜਦੋਂ ਦੋਵੇਂ ਜਾਨ ਬਚਾਉਣ ਲਈ ਨਹਿਰ ਵਿੱਚ ਕੁੱਦ ਗਏ, ਤਾਂ ਵੀ ਮੁਲਜ਼ਮਾਂ ਦਾ ਦਿਲ ਨਹੀਂ ਪਸੀਜਿਆ। ਹਮਲਾਵਰਾਂ ਨੇ ਦੋਵਾਂ ਨੂੰ ਪਾਣੀ ਵਿੱਚੋਂ ਬਾਹਰ ਖਿੱਚ ਲਿਆ ਅਤੇ ਕਿਨਾਰੇ ‘ਤੇ ਲਿਆਉਂਦੇ ਹੀ ਦੁਬਾਰਾ ਹਮਲਾ ਕਰ ਦਿੱਤਾ। ਇਸ ਵਾਰ ਬਦਮਾਸ਼ਾਂ ਨੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਨੌਜਵਾਨ ‘ਤੇ ਵਾਰ ਕੀਤੇ। ਸਿਰ ਅਤੇ ਸਰੀਰ ‘ਤੇ ਰਾਡਾਂ ਦੇ ਜ਼ੋਰਦਾਰ ਵਾਰ ਲੱਗਣ ਕਾਰਨ ਨੌਜਵਾਨ ਬੇਹੋਸ਼ ਹੋ ਗਿਆ ਅਤੇ ਮੁਲਜ਼ਮ ਉਸ ਨੂੰ ਅਧਮੋਇਆ ਕਰਕੇ ਇੱਕ ਆਟੋ ਵਿੱਚ ਪਾ ਕੇ ਸਿਟੀ ਸੈਂਟਰ ਦੇ ਸਾਹਮਣੇ ਲੈ ਆਏ।
ਪੀੜਤ ਨੌਜਵਾਨ ਦੀ ਮਾਂ ਜਸਵਿੰਦਰ ਵੀ ਆਪਣੇ ਪੁੱਤਰ ਨੂੰ ਬਚਾਉਣ ਲਈ ਸਿਟੀ ਸੈਂਟਰ ਪਹੁੰਚੀ। ਜਦੋਂ ਮਾਂ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦਰਿੰਦਿਆਂ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਬਦਮਾਸ਼ਾਂ ਨੇ ਬਜ਼ੁਰਗ ਮਹਿਲਾ ਨਾਲ ਵੀ ਧੱਕਾ-ਮੁੱਕੀ ਕੀਤੀ, ਉਨ੍ਹਾਂ ਨੂੰ ਸੜਕ ‘ਤੇ ਘਸੀਟਿਆ ਅਤੇ ਸ਼ਰੇਆਮ ਅਪਮਾਨਿਤ ਕੀਤਾ। ਜਾਂਦੇ-ਜਾਂਦੇ ਮੁਲਜ਼ਮ ਪੀੜਤ ਨੌਜਵਾਨ ਦਾ ਮੋਬਾਈਲ ਵੀ ਖੋਹ ਕੇ ਨਾਲ ਲੈ ਗਏ।
ਥਾਣਾ ਕੂਮਕਲਾਂ ਦੀ ਪੁਲਿਸ ਨੇ ਪਿੰਡ ਛੰਦੜਾ ਦੇ ਹਰਮਨਦੀਪ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪਿੰਡ ਕਟਾਣੀ ਕਲਾਂ ਦੇ ਰਹਿਣ ਵਾਲੇ ਦੀਪੀ, ਸੁੱਖੀ, ਰਵੀ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।



