ਮੋਹਾਲੀ: ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜਥੇਦਾਰ ਸਾਹਿਬ ਦੀ ਮੌਜੂਦਗੀ ‘ਚ ਹੰਗਾਮਾ

Top Trending News ਪੰਜਾਬ

 

ਮੋਹਾਲੀ: ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (Gurdwara Singh Shaheedan Sohana) ਵਿਖੇ ਜਥੇਦਾਰ ਸਾਹਿਬ ਦੀ ਮੌਜੂਦਗੀ ‘ਚ ਹੰਗਾਮਾ

ਚੰਡੀਗੜ੍ਹ, 28 ਜੂਨ 2026: ਮੋਹਾਲੀ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ (Gurdwara Singh Shaheedan Sohana) ਵਿਖੇ ਅੱਜ ਉਸ ਵੇਲੇ ਭਾਰੀ ਹੰਗਾਮਾ ਅਤੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਗੁਰਦੁਆਰਾ ਸਾਹਿਬ ਪਹੁੰਚੇ ਜਥੇਦਾਰ ਅਕਾਲ ਤਖਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੌਜੂਦਗੀ ਵਿੱਚ ਹੀ ਕਥਿਤ ਤੌਰ ‘ਤੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ ਦੀ ਕਥਿਤ ਤੌਰ ‘ਤੇ ਕੁੱਟਮਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ। ਇਸ ਅਚਾਨਕ ਹੋਈ ਘਟਨਾ ਕਾਰਨ ਉੱਥੇ ਮੌਜੂਦ ਸੰਗਤਾਂ ਵਿੱਚ ਅਫੜਾ-ਦਫੜੀ ਮਚ ਗਈ।

ਮਿਲੀ ਜਾਣਕਾਰੀ ਅਨੁਸਾਰ ਮਾਮਲਾ ਗਰਮਾਉਣ ਤੋਂ ਤੁਰੰਤ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਨਿਹੰਗ ਸਿੰਘਾਂ ਦੇ ਨਾਲ ਕਥਿਤ ਤੌਰ ‘ਤੇ ਧੱਕਾ-ਮੁੱਕੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਅਮਨ-ਚੈਨ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਇਹ ਸਾਰਾ ਵਿਵਾਦ ਖੜ੍ਹਾ ਹੋਇਆ।

ਮਾਮਲਾ ਵਧਦਾ ਦੇਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਮੈਨੇਜਮੈਂਟ ਵੱਲੋਂ ਤੁਰੰਤ ਮੁਸਤੈਦੀ ਦਿਖਾਈ ਗਈ। ਪ੍ਰਬੰਧਕਾਂ ਨੇ ਦੋਵਾਂ ਪੱਖਾਂ ਨੂੰ ਸੁਣ ਕੇ ਅਤੇ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਮਾਮਲੇ ਨੂੰ ਮੌਕੇ ‘ਤੇ ਹੀ ਪੂਰੀ ਤਰ੍ਹਾਂ ਸੁਲਝਾ ਲਿਆ ਹੈ। ਤਾਜ਼ਾ ਸੂਚਨਾ ਅਨੁਸਾਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਹੁਣ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਉੱਥੇ ਬਿਲਕੁਲ ਅਮਨ-ਸ਼ਾਂਤੀ ਬਣੀ ਹੋਈ ਹੈ। ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਸੁਖਾਵੇਂ ਮਾਹੌਲ ਵਿੱਚ ਨਤਮਸਤਕ ਹੋ ਰਹੀਆਂ ਹਨ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।