- ਅਦਾਲਤੀ ਸਟੇਅ ਦੇ ਬਾਵਜੂਦ ਦੇਰ ਰਾਤ JCB ਚਲਾ ਕੇ ਢਾਹੀ ਦੁਕਾਨ, ਪੁਲਿਸ ‘ਤੇ ਮਿਲੀਭੁਗਤ ਦੇ ਇਲਜ਼ਾਮ
- ਗੁੱਸੇ ‘ਚ ਆਏ ਲੋਕਾਂ ਨੇ ਮੋਰਿੰਡਾ-ਲੁਧਿਆਣਾ ਰੋਡ ਕੀਤਾ ਜਾਮ
ਮੋਰਿੰਡਾ 5 ਜੁਲਾਈ (ਭਟੋਆ): ਮੋਰਿੰਡਾ ਸ਼ਹਿਰ ਵਿੱਚ ਤੜਕਸਾਰ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ਹਿਰ ਦੇ ਕੁਝ ਨਾਮਵਰ ਵਿਅਕਤੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਇੱਕ ਦੁਕਾਨਦਾਰ ਦੀ ਦੁਕਾਨ ਜੇ.ਸੀ.ਬੀ. ਮਸ਼ੀਨ ਨਾਲ ਢਾਹੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਧੱਕੇਸ਼ਾਹੀ ਖ਼ਿਲਾਫ਼ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਫੈਲ ਗਿਆ, ਜਿਸ ਦੇ ਸਿੱਟੇ ਵਜੋਂ ਲੋਕਾਂ ਨੇ ਇਕੱਤਰ ਹੋ ਕੇ ਮੋਰਿੰਡਾ-ਲੁਧਿਆਣਾ ਮੁੱਖ ਸੜਕ ‘ਤੇ ਜ਼ੋਰਦਾਰ ਧਰਨਾ ਲਗਾ ਕੇ ਜਾਮ ਕਰ ਦਿੱਤਾ। ਇਹ ਜਾਮ ਕਰੀਬ 3-4 ਘੰਟੇ ਜਾਰੀ ਰਿਹਾ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੀੜਤ ਦੁਕਾਨਦਾਰ ਹਰਿੰਦਰ ਸਿੰਘ ਅਤੇ ਐਡਵੋਕੇਟ ਹਰਦੀਪ ਸਿੰਘ ਬਾਸੀ ਨੇ ਦੱਸਿਆ ਕਿ ਇਹ ਦੁਕਾਨ ਸਾਲ 1992-95 ਦੌਰਾਨ ਹਰਿੰਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਵੱਲੋਂ ਕਿਰਾਏ/ਰਹਿਣ ‘ਤੇ ਲਈ ਗਈ ਸੀ। ਸਾਲ 2008 ਵਿੱਚ ਮਾਲਕਾਂ ਨੇ ਇਸ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਅਦਾਲਤ ਨੇ ਸਟੇਅ ਜਾਰੀ ਕਰ ਦਿੱਤਾ ਗਿਆ ਸੀ। ਉਨਾ ਦੱਸਿਆ ਕਿ ਮਾਲਕਾਂ ਵੱਲੋਂ ਅਦਾਲਤ ਵਿੱਚ ਕਾਨੂੰਨੀ ਪ੍ਰਕਿਰਿਆ ਰਾਹੀਂ ਹੀ ਦੁਕਾਨ ਖਾਲੀ ਕਰਵਾਉਣ ਦੇ ਬਿਆਨ ਦਿੱਤੇ ਗਏ ਸਨ। ਪਰੰਤੂ ਜਸਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਮਾਲਕਾਂ ਵੱਲੋਂ ਦੁਕਾਨ ਖਾਲੀ ਕਰਵਾਉਣ ਦੀ ਦੁਬਾਰਾ ਕੋਸ਼ਿਸ਼ ਕਰਨ ਦੀ ਸੂਚਨਾ ਮਿਲੀ, ਤਾਂ ਹਰਿੰਦਰ ਸਿੰਘ ਨੇ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ਤੇ ਅਦਾਲਤ ਵੱਲੋਂ ਬੀਤੀ 15 ਅਪ੍ਰੈਲ ਨੂੰ ਅਗਲੇ ਹੁਕਮਾਂ ਤੱਕ ਇਸ ‘ਤੇ ਦੁਬਾਰਾ ਸਟੇਅ (ਰੋਕ) ਜਾਰੀ ਕਰ ਦਿੱਤਾ ਗਿਆ ਸੀ।
ਪੀੜਤ ਹਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਅਦਾਲਤੀ ਆਦੇਸ਼ਾਂ ਦੀ ਪ੍ਰਵਾਹ ਨਾ ਕਰਦਿਆਂ, ਇਸ ਪ੍ਰਾਪਰਟੀ ਦੇ ਮਾਲਕਾਂ ਅਤੇ ਖਰੀਦਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਸਵੇਰੇ ਤੜਕੇ 3:30 ਵਜੇ ਜੇ.ਸੀ.ਬੀ. ਮਸ਼ੀਨ ਲਿਆ ਕੇ ਦੁਕਾਨ ਦੀ ਛੱਤ ਡੇਗ ਕੇ ਕੰਧਾਂ ਆਦਿ ਦਾ ਮਲਬਾ ਬਣਾ ਕੇ ਮਿੱਟੀ ਵਿੱਚ ਮਿਲਾ ਦਿੱਤਾ। ਉਸ ਨੇ ਦੱਸਿਆ ਕਿ ਦੁਕਾਨ ਢਾਹੇ ਜਾਣ ਕਾਰਨ ਅੰਦਰ ਮੁਰੰਮਤ ਲਈ ਆਏ 2-3 ਮੋਟਰਸਾਈਕਲ ਅਤੇ ਲੱਖਾਂ ਰੁਪਏ ਦਾ ਕੀਮਤੀ ਸਪੇਅਰ ਪਾਰਟਸ ਮਲਬੇ ਹੇਠ ਦੱਬ ਕੇ ਬਰਬਾਦ ਹੋ ਗਿਆ।
ਐਡਵੋਕੇਟ ਹਰਦੀਪ ਸਿੰਘ ਬਾਸੀ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਇਸ ਘਟਨਾ ਸਬੰਧੀ ਸ਼ਹਿਰੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਐਡਵੋਕੇਟ ਬਾਸੀ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਦੱਸਿਆ ਕਿ ਜਦੋਂ ਉਹ ਹਰਿੰਦਰ ਸਿੰਘ ਨੂੰ ਨਾਲ ਲੈਕੇ ਸ਼ਹਿਰੀ ਪੁਲਿਸ ਸਟੇਸ਼ਨ ਪਹੁੰਚੇ ਤਾਂ ਉੱਥੇ ਕੋਈ ਵੀ ਡਿਊਟੀ ਅਫ਼ਸਰ ਮੌਜੂਦ ਨਹੀਂ ਸੀ। ਪੁਲਿਸ ਦੀ ਇਸ ਢਿੱਲੀ ਕਾਰਗੁਜ਼ਾਰੀ ਅਤੇ ਦੇਰੀ ਨਾਲ ਘਟਨਾ ਸਥਾਨ ‘ਤੇ ਪਹੁੰਚਣ ਕਾਰਨ ਸ਼ਹਿਰ ਵਾਸੀਆਂ ਦਾ ਗੁੱਸਾ ਹੋਰ ਭੜਕ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸੜਕ ਜਾਮ ਕਰ ਦਿੱਤੀ।
ਮੌਕੇ ‘ਤੇ ਪਹੁੰਚੇ ਕੌਂਸਲਰ ਜਗਪਾਲ ਸਿੰਘ ਜੌਲੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ‘ਲੋਕਤੰਤਰ ਅਤੇ ਅਦਾਲਤੀ ਹੁਕਮਾਂ ਦਾ ਸ਼ਰੇਆਮ ਕਤਲ’ ਕਰਾਰ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉੱਚ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਦੁਕਾਨਦਾਰ ਨੂੰ ਯੋਗ ਮੁਆਵਜਾ ਅਤੇ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ।
ਮੌਕੇ ‘ਤੇ ਪਹੁੰਚੇ ਐੱਸਐੱਚਓ. ਇੰਸਪੈਕਟਰ ਗਗਨਦੀਪ ਸਿੰਘ ਨੇ ਗੁੱਸੇ ਵਿੱਚ ਆਏ ਲੋਕਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਗੈਰ-ਕਾਨੂੰਨੀ ਕਾਰਜ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਦੇ ਪੁਖ਼ਤਾ ਭਰੋਸੇ ਤੋਂ ਬਾਅਦ ਹੀ ਲੋਕਾਂ ਨੇ ਸੜਕ ਤੋਂ ਜਾਮ ਹਟਾਇਆ।
ਇਸ ਸਬੰਧੀ ਗੱਲਬਾਤ ਕਰਦਿਆਂ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੀੜਤ ਹਰਿੰਦਰ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਉਨਾ ਕਿਹਾ ਕਿ ਸਾਰੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਮਲ ਵਿੱਚ ਲਿਆਂਦੀ ਜਾਵੇਗੀ।



