ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਦੇ ਹੱਕ ‘ਚ ਨਿੱਤਰਿਆ ਅਕਾਲੀ ਦਲ (ਅ), ਜਥੇਬੰਦੀਆਂ ਨੂੰ ਕੀਤੀ ਖਾਸ ਅਪੀਲ

Top Trending News ਪੰਜਾਬ

 

ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਦੇ ਹੱਕ ‘ਚ ਨਿੱਤਰਿਆ ਅਕਾਲੀ ਦਲ (ਅ), ਜਥੇਬੰਦੀਆਂ ਨੂੰ ਕੀਤੀ ਖਾਸ ਅਪੀਲ

ਚੰਡੀਗੜ੍ਹ, 06 ਜੁਲਾਈ 2026- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ “ਸਤਲੁਜ” ਨੂੰ ਪੰਜਾਬ ਵਿੱਚ ਪ੍ਰਦਰਸ਼ਿਤ ਨਾ ਹੋਣ ਦੇਣ ਦੇ ਫੈਸਲੇ ‘ਤੇ ਡੂੰਘੀ ਚਿੰਤਾ ਅਤੇ ਇਤਰਾਜ਼ ਪ੍ਰਗਟਾਇਆ ਗਿਆ ਹੈ। ਜਥੇਬੰਦੀ ਦਾ ਮੰਨਣਾ ਹੈ ਕਿ ਇਤਿਹਾਸ ਨੂੰ ਦਬਾਉਣ ਜਾਂ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਦੀ ਹਰ ਕੋਸ਼ਿਸ਼ ਲੋਕਤੰਤਰ ਦੀ ਭਾਵਨਾ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ।

ਦੱਸਣਯੋਗ ਹੈ ਕਿ ਫਿਲਮ ‘ਸਤਲੁਜ’ ਵਿੱਚ ਪ੍ਰਸਿੱਧ ਅਦਾਕਾਰ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਹੈ। ਜਥੇਬੰਦੀ ਅਨੁਸਾਰ ਅਜਿਹੇ ਸੰਵੇਦਨਸ਼ੀਲ ਅਤੇ ਇਤਿਹਾਸਕ ਵਿਸ਼ਿਆਂ ‘ਤੇ ਲੋਕਾਂ ਨੂੰ ਸਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਆਪਣੀ ਨਿੱਜੀ ਰਾਏ ਬਣਾਉਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਇਹ ਫਿਲਮ ਇੱਕ ਅਜਿਹੇ ਇਤਿਹਾਸਕ ਦੌਰ ਅਤੇ ਉਸ ਨਾਲ ਜੁੜੇ ਸਵਾਲਾਂ ਨੂੰ ਸਾਹਮਣੇ ਲਿਆਉਣ ਦਾ ਯਤਨ ਕਰਦੀ ਹੈ, ਜਿਨ੍ਹਾਂ ਬਾਰੇ ਲੰਬੇ ਸਮੇਂ ਤੋਂ ਚਰਚਾ ਹੁੰਦੀ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਫਿਲਮ ਦੇ ਨਿਰਦੇਸ਼ਕ ਹਨੀ ਤਰੇਹਨ ਅਤੇ ਪੂਰੀ ਟੀਮ ਦੀ ਲੰਬੇ ਸਮੇਂ ਦੀ ਮਿਹਨਤ, ਸਬਰ ਅਤੇ ਰਚਨਾਤਮਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਇਤਿਹਾਸਕ ਜਾਂ ਸਮਾਜਿਕ ਵਿਸ਼ੇ ਨੂੰ ਪਰਦੇ ‘ਤੇ ਲਿਆਉਣਾ ਇੱਕ ਔਖਾ ਅਤੇ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ, ਜਿਸ ਲਈ ਪੂਰੀ ਟੀਮ ਸਨਮਾਨ ਦੀ ਹੱਕਦਾਰ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਐਲਾਨ ਕੀਤਾ ਹੈ ਕਿ ਉਹ ਕਾਨੂੰਨੀ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਇਸ ਫਿਲਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਸਕ੍ਰੀਨਿੰਗਾਂ ਕਰਵਾਉਣ ਦੀ ਪਹਿਲ ਕਰੇਗਾ, ਤਾਂ ਜੋ ਨੌਜਵਾਨ ਪੀੜ੍ਹੀ ਇਤਿਹਾਸ ਦੇ ਵੱਖ-ਵੱਖ ਪੱਖਾਂ ਨੂੰ ਤੱਥਾਂ ਦੇ ਆਧਾਰ ‘ਤੇ ਜਾਣ ਸਕੇ।

ਜਥੇਬੰਦੀ ਨੇ ਸਮੂਹ ਪੰਥਕ, ਸਮਾਜਿਕ, ਮਨੁੱਖੀ ਅਧਿਕਾਰ ਅਤੇ ਲੋਕਤੰਤਰਕ ਜਥੇਬੰਦੀਆਂ, ਬੁੱਧੀਜੀਵੀਆਂ, ਵਕੀਲ ਭਾਈਚਾਰੇ ਅਤੇ ਵਿਦਿਆਰਥੀ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਇਸ ਮੁੱਦੇ ‘ਤੇ ਇਕੱਠੇ ਹੋਣ। ਪਾਰਟੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਿਸੇ ਵੀ ਵਰਗ ਪ੍ਰਤੀ ਨਫ਼ਰਤ ਫੈਲਾਉਣਾ ਨਹੀਂ, ਸਗੋਂ ਇਤਿਹਾਸਕ ਸਵਾਲਾਂ ‘ਤੇ ਲੋਕਤੰਤਰਕ ਚਰਚਾ ਨੂੰ ਉਤਸ਼ਾਹਿਤ ਕਰਨਾ ਅਤੇ ਸੱਚ ਤੇ ਇਨਸਾਫ਼ ਦੀ ਮੰਗ ਨੂੰ ਅੱਗੇ ਵਧਾਉਣਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।