ਵੱਡੀ ਖ਼ਬਰ: ਠੇਕੇਦਾਰ ਦਾ ਗੋਲੀਆਂ ਮਾਰ ਕੇ ਕਤਲ
ਝੱਜਰ, 20 ਜੁਲਾਈ 2026
ਹਰਿਆਣਾ ਦੇ ਝੱਜਰ-ਛਾਰਾ ਸੋਨੀਪਤ ਟੋਲ ਪਲਾਜ਼ਾ ‘ਤੇ ਸਕਿਓਰਿਟੀ ਠੇਕੇਦਾਰ ਵਜੋਂ ਤਾਇਨਾਤ 42 ਸਾਲਾ ਨੀਰਜ ਦਾ ਸ਼ਨੀਵਾਰ ਦੇਰ ਰਾਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਅਣਪਛਾਤੇ ਹਮਲਾਵਰਾਂ ਨੇ ਪਾਰਟੀ ਦੇ ਬਹਾਨੇ ਬੁਲਾ ਕੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸਦੀ ਮੌਤ ਹੋ ਗਈ।
ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਸ਼ੀਆਂ ਨੇ ਨੀਰਜ ਨੂੰ ਫੋਨ ਕਰਕੇ ਪਿੰਡ ਦੇ ਬਾਹਰ ਪਾਰਟੀ ਕਰਨ ਲਈ ਬੁਲਾਇਆ ਸੀ। ਨੀਰਜ ਆਪਣੇ 24 ਸਾਲਾ ਭਤੀਜੇ ਮਨਜੀਤ ਨਾਲ ਉੱਥੇ ਪਹੁੰਚਿਆ। ਮੌਕੇ ‘ਤੇ ਸ਼ਰਾਬ ਅਤੇ ਬੀਅਰ ਦੀ ਪਾਰਟੀ ਚੱਲ ਰਹੀ ਸੀ। ਇਸੇ ਦੌਰਾਨ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਬਹਿਸ ਹੋ ਗਈ ਅਤੇ ਦੋਸ਼ੀਆਂ ਨੇ ਨੀਰਜ ‘ਤੇ ਤਿੰਨ ਗੋਲੀਆਂ ਚਲਾ ਦਿੱਤੀਆਂ। ਵਿਚ-ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਮਨਜੀਤ ਦੇ ਪੈਰ ਵਿੱਚ ਵੀ ਗੋਲੀ ਲੱਗੀ।
ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਰੋਹਤਕ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਨੀਰਜ ਨੂੰ ਮ੍ਰਿਤਕ ਐਲਾਨ ਦਿੱਤਾ। ਮਨਜੀਤ ਦਾ ਇਲਾਜ ਜਾਰੀ ਹੈ। ਨੀਰਜ ਦੀ ਲਾਸ਼ ਦਾ ਪੋਸਟਮਾਰਟਮ ਪੀਜੀਆਈ ਰੋਹਤਕ ਵਿਖੇ ਕਰਵਾਇਆ ਗਿਆ। ਨੀਰਜ ਪਿਛਲੇ ਤਿੰਨ ਸਾਲਾਂ ਤੋਂ ਟੋਲ ਪਲਾਜ਼ਾ ‘ਤੇ ਸਕਿਓਰਿਟੀ ਠੇਕੇਦਾਰੀ ਦਾ ਕੰਮ ਕਰ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ, ਦੋ ਬੇਟੇ ਅਤੇ ਇੱਕ ਧੀ ਛੱਡ ਗਿਆ ਹੈ। ਉਸ ਦੀ ਮੌਤ ਨਾਲ ਪਰਿਵਾਰ ‘ਚ ਸੋਗ ਦਾ ਮਾਹੌਲ ਹੈ ਅਤੇ ਪਿੰਡ ‘ਚ ਤਣਾਅ ਬਣਿਆ ਹੋਇਆ ਹੈ।
ਘਟਨਾ ਵਾਲੀ ਥਾਂ ਤੋਂ ਪੁਲਿਸ ਨੇ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਰਾਣੀ ਰੰਜਿਸ਼ ਇਸ ਕਤਲ ਦਾ ਮੁੱਖ ਕਾਰਨ ਮੰਨੀ ਜਾ ਰਹੀ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।



