- ਵੱਡੀ ਖ਼ਬਰ: ਅਜਨਾਲਾ ਕਾਂਡ ‘ਚ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਗਵਾਹ ‘ਤੇ ਜਾਨਲੇਵਾ ਹਮਲਾ: ਗੱਡੀ ‘ਚ ਟੱਕਰ ਮਾਰ ਕੇ ਅਗਵਾ ਕਰਨ ਦੀ ਕੋਸ਼ਿਸ਼, ਫਾਇਰਿੰਗ ‘ਚ ਵਾਲ-ਵਾਲ ਬਚੇ
ਮੋਰਿੰਡਾ 4 ਅਗਸਤ (ਭਟੋਆ): ਅਜਨਾਲਾ ਥਾਣਾ ਕਾਂਡ ਵਿੱਚ ਵਾਰਿਸ ਪੰਜਾਬ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਐਮਪੀ ਖ਼ਿਲਾਫ਼ ਸਰਕਾਰੀ ਗਵਾਹ ਵਰਿੰਦਰ ਸਿੰਘ ਮਾਵੀ ਵਾਸੀ ਪਿੰਡ ਸਲੇਮਪੁਰ ਅਤੇ ਉਸ ਦੇ ਸਾਥੀ ਹਰਜਿੰਦਰ ਸਿੰਘ ਉਰਫ਼ ਹੈਪੀ ‘ਤੇ ਜਾਨਲੇਵਾ ਹਮਲਾ ਹੋਣ ਦਾ ਬਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਰੰਜਿਸ਼ਨ ਕੀਤੇ ਗਏ ਇਸ ਹਮਲੇ ਦੌਰਾਨ ਹਮਲਾਵਰ ਨੇ ਆਪਣੀ ਕਾਰ ਨਾਲ ਸਰਕਾਰੀ ਗੱਡੀ ਵਿੱਚ ਟੱਕਰ ਮਾਰ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਅਸਲੇ ਨਾਲ ਗੋਲੀਆਂ ਵੀ ਚਲਾਈਆਂ। ਹਾਲਾਂਕਿ, ਇਸ ਹਾਦਸੇ ਵਿੱਚ ਗਵਾਹ ਅਤੇ ਉਸ ਦਾ ਸਾਥੀ ਬਾਲ-ਬਾਲ ਬਚ ਗਏ ਹਨ। ਜਦ ਕਿ ਮੋਰਿੰਡਾ ਸਦਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਮਾਮਲਾ ਦਰਜ ਕਰਕੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਥਾਰ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਲੁਠੇੜੀ ਦੇ ਇੰਚਾਰਜ ਏ.ਐੱਸ.ਆਈ. ਪਵਨਦੀਪ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਮਾਵੀ ਪੁੱਤਰ ਸੁਖਦੇਵ ਸਿੰਘ ਪਿੰਡ ਸਲੇਮਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੱਸਿਆ ਕਿ ਉਸ ਨੂੰ ਅਜਨਾਲਾ ਕਾਂਡ (ਮੁਕੱਦਮਾ ਨੰਬਰ 29/23) ਵਿੱਚ ਗਵਾਹ ਹੋਣ ਕਰਕੇ ਮਾਨਯੋਗ ਏ.ਡੀ.ਜੀ.ਪੀ. (ਸੁਰੱਖਿਆ) ਪੰਜਾਬ ਵੱਲੋਂ ਬੋਲੇਰੋ ਗੱਡੀ ਅਤੇ ਸਰਕਾਰੀ ਗਨਮੈਨ ਦਿੱਤੇ ਹੋਏ ਹਨ। ਵਰਿੰਦਰ ਸਿੰਘ ਅਨੁਸਾਰ ਬੀਤੀ ਰਾਤ 12.10 ਵਜੇ ਜਦੋਂ ਉਹ ਆਪਣੇ ਸਾਥੀ ਹਰਜਿੰਦਰ ਸਿੰਘ ਨਾਲ ਮੋਰਿੰਡਾ ਖੇਤਰ ਵਿੱਚ ਪਿੰਡ ਰਸੂਲਪੁਰ ਦੇ ਗੁਰਦੁਆਰਾ ਸਾਹਿਬ ਨੇੜੇ ਸੀ, ਤਾਂ ਇੱਕ ਕਾਲੇ ਰੰਗ ਦੀ ਥਾਰ ਗੱਡੀ ਨੰਬਰ PB65BF7648 ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਹ ਪਿੰਡ ਰਸੂਲਪੁਰ ਅਤੇ ਪਿੰਡ ਸਮਰੌਲੀ ਦੇ ਵਿਚਕਾਰ ਪਹੁੰਚੇ ਤਾਂ ਥਾਰ ਗੱਡੀ ਚਾਲਕ ਨੇ ਆਪਣੀ ਗੱਡੀ ਨੂੰ ਟੇਡੀ ਕਰਕੇ ਸੜਕ ਦੇ ਵਿਚਕਾਰ ਲਗਾ ਲਿਆ ਅਤੇ ਉਹਨਾਂ ਦੀ ਗੱਡੀ ਵੱਲ 4-5 ਫਾਇਰ ਕੀਤੇ ਗਏ।
ਵਰਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਸ ਤੋਂ ਡਰ ਕੇ ਉਹਨਾਂ ਨੇ ਆਪਣੀ ਗੱਡੀ ਪਿੱਛੇ ਵੱਲ ਭਜਾ ਲਈ ਜਦਕਿ ਥਾਰ ਚਾਲਕ ਆਪਣੀ ਗੱਡੀ ਨੂੰ ਅੱਗੇ ਵੱਲ ਭਜਾ ਕੇ ਲੈ ਗਿਆ । ਵਰਿੰਦਰ ਸਿੰਘ ਅਨੁਸਾਰ ਜਦੋਂ ਉਹ ਰਸਤਾ ਬਦਲ ਕੇ ਟੀ ਪੁਆਇੰਟ ਰੋਲੂਮਾਜਰਾ – ਬੂਰ ਮਾਜਰਾ ਕੋਲ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਵਾਰਦਾਤ ਸੰਬੰਧੀ ਫੋਨ ਕਰਨ ਲਈ ਰੁਕੇ ਤਾਂ ਉਕਤ ਥਾਰ ਚਾਲਕ ਪਿੰਡ ਸਮਰੌਲੀ ਸਾਈਡ ਤੋਂ ਫਿਰ ਉਹਨਾਂ ਵੱਲ ਆ ਗਿਆ ਜਿਸ ਨੂੰ ਦੇਖ ਕੇ ਉਹ ਆਪਣੀ ਗੱਡੀ ਭਜਾ ਕੇ ਪਿੰਡ ਰੋਲੂ ਮਾਜਰਾ ਨੂੰ ਹੁੰਦੇ ਹੋਏ ਜਦੋਂ ਉਹ ਆਪਣੇ ਪਿੰਡ ਸਲੇਮਪੁਰ ਵਿਖੇ ਪਹੁੰਚ ਕੇ ਆਪਣੇ ਘਰ ਅੱਗੇ ਗੱਡੀ ਰੋਕਣ ਲੱਗੇ ਤਾਂ ਪਿੱਛੋਂ ਆ ਰਹੀ ਥਾਰ ਗੱਡੀ ਦੇ ਚਾਲਕ ਨੇ ਆਪਣੀ ਗੱਡੀ ਸਿੱਧੀ ਉਨ੍ਹਾਂ ਦੀ ਸਰਕਾਰੀ ਬੋਲੇਰੋ ਵਿੱਚ ਮਾਰੀ।
ਵਰਿੰਦਰ ਸਿੰਘ ਦੇ ਬਿਆਨ ਮੁਤਾਬਕ, ਹਾਦਸੇ ਤੋਂ ਬਾਅਦ ਥਾਰ ਚਾਲਕ ਬਾਹਰ ਨਿਕਲਿਆ ਅਤੇ ਉਸ ਨੇ ਗੰਨ ਪੁਆਇੰਟ ‘ਤੇ ਹਰਜਿੰਦਰ ਸਿੰਘ ਹੈਪੀ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਲਿਆ। ਪ੍ਰਤੂ ਜਦੋਂ ਹੈਪੀ ਕਿਸੇ ਤਰ੍ਹਾਂ ਦੂਜੇ ਪਾਸੇ ਤੋਂ ਬਾਹਰ ਨਿਕਲ ਕੇ ਉਸ ਵੱਲ ਭੱਜਿਆ, ਤਾਂ ਦੋਸ਼ੀ ਨੇ ਉਨ੍ਹਾਂ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਿਰ 2-3 ਰੌਂਦ ਫਾਇਰ ਕਰ ਦਿੱਤੇ। ਉਸਨੇ ਪੁਲਿਸ ਨੂੰ ਦੱਸਿਆ ਕਿ ਹਮਲੇ ਤੋਂ ਬਾਅਦ ਪਿੰਡ ਸਲੇਮਪੁਰ ਦੀ ਫਿਰਨੀ ‘ਤੇ 2-3 ਹੋਰ ਸ਼ੱਕੀ ਵਿਅਕਤੀ ਵੀ ਦੇਖੇ ਗਏ, ਜਿਨ੍ਹਾਂ ਵਿੱਚੋਂ ਇੱਕ ਕੋਲ ਰਿਵਾਲਵਰ ਸੀ।
ਬਾਅਦ ਵਿੱਚ ਹਮਲਾਵਰ ਦੀ ਪਛਾਣ ਜਸਵੀਰ ਸਿੰਘ ਉਰਫ਼ ਕਾਲਾ ਪੁੱਤਰ ਸਵ. ਭਾਗ ਸਿੰਘ, ਵਾਸੀ ਸਮਰੌਲੀ ਥਾਣਾ ਸਦਰ ਮੋਰਿੰਡਾ ਵਜੋਂ ਹੋਈ। ਏ.ਐੱਸ.ਆਈ ਪਵਨਦੀਪ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੇ ਪੀੜਤ ਦੇ ਬਿਆਨਾਂ ‘ਤੇ ਤੁਰੰਤ ਕਾਰਵਾਈ ਕੀਤੀ ਹੈ। ਦੂਜੇ ਪਾਸੇ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਵੱਲੋਂ ਵਰਤਿਆ ਗਿਆ ਅਸਲਾ ਅਤੇ ਥਾਰ ਗੱਡੀ ਵੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਇਰਾਦਾ-ਕਤਲ , ਅਗਵਾ ਕਰਨ ਦੀ ਕੋਸ਼ਿਸ਼ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਤੇ ਤਫ਼ਤੀਸ਼ ਆਰੰਭ ਦਿੱਤੀ ਹੈ।



