- ਮੁਲਾਜ਼ਮਾਂ ਨੇ ਵਿੱਢੀ ਵਿਧਾਨ ਸਭਾ ਘੇਰਨ ਦੀ ਤਿਆਰੀ
ਚੰਡੀਗੜ੍ਹ, 04 ਅਗਸਤ 2026 (ਦੇਸ਼ ਕਲਿੱਕ ਬਿਊਰੋ): ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਪੰਜਾਬ ਸਿਵਲ ਸਕੱਤਰੇਤ-2 ਵਿਖੇ ਮੁਲਾਜ਼ਮਾਂ ਵੱਲੋਂ ਆਪ ਸਰਕਾਰ ਵਿਰੁੱਧ ਇਤਿਹਾਸਕ ਤੇ ਭਾਰੀ ਰੈਲੀ ਕੀਤੀ ਗਈ। ਸਕੱਤਰੇਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਕੱਤਰੇਤ ਦੀ ਰੈਲੀ ਵਿੱਚ ਡਾਇਰੈਕਟੋਰੇਜ਼ ਅਤੇ ਖੇਤਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ । ਰੈਲੀ ਵਿੱਚ ਮੁਲਾਜ਼ਮਾਂ ਦਾ ਰੋਹ ਆਪ ਸਰਕਾਰ ਵਿਰੁੱਧ ਸਿਰ ਚੜ੍ਹ ਕੇ ਬੋਲ ਰਿਹਾ ਸੀ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮਾਨਯੋਗ ਹਾਈਕੋਰਟ ਅਤੇ ਡਬਲ ਬੈਂਚ ਦੇ ਮਾਨਯੋਗ ਜੱਜ ਸਾਹਿਬਾਨਾਂ ਵੱਲੋਂ ਡੀ.ਏ. ਦਾ ਫੈਸਲਾ ਤੱਥਾਂ ਅਤੇ ਨਿਯਮਾਂ ਦੇ ਆਧਾਰ ਤੇ ਮੁਲਾਜ਼ਮਾਂ ਦੇ ਹੱਕ ਵਿੱਚ ਕਰਨ ਸਬੰਧੀ ਧੰਨਵਾਦ ਕੀਤਾ ਗਿਆ ਅਤੇ ਡੀ.ਏ. ਸਬੰਧੀ ਕੇਸ ਲੜ ਰਹੇ ਵਕੀਲਾਂ ਅਤੇ ਪਟੀਸ਼ਨਰਾਂ ਦਾ ਵੀ ਧੰਨਵਾਦ ਕੀਤਾ ਗਿਆ।
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਯੁੱਧ ਸਰਕਾਰ ਵਿਰੁੱਧ ਦਾ ਨਾਅਰਾ ਲਾਉਂਦੇ ਹੋਏ ਆਪਣੀ ਤਕਰੀਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਸੋਚੀ ਸਮਝੀ ਨੀਤੀ ਤਹਿਤ ਮੁਲਾਜ਼ਮਾਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਡੀ.ਏ. ਦੇ ਪੈਸੇ ਅਤੇ ਉਨ੍ਹਾਂ ਦੇ ਇਨਕਮਟੈਕਸ ਦੇ ਪੈਸੇ ਰਾਹੀਂ ਵੋਟਾਂ ਦੀ ਖਰੀਦ ਹੋ ਰਹੀ ਹੈ ਕਿਉਂਕਿ ਡੀ.ਏ. ਮੁਲਾਜ਼ਮਾਂ ਦਾ ਹੱਕ ਹੈ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਹੱਕ ਦੇਣ ਲਈ ਮੁਨਕਰ ਹੋ ਰਹੀ ਹੈ ਅਤੇ ਇਸ ਪੈਸੇ ਨਾਲ ਆਮ ਪੰਜਾਬ ਵਾਸੀਆਂ ਨੂੰ ਮੁਫ਼ਤ ਦੀਆਂ ਰਿਉੜੀਆਂ ਵੰਡ ਕੇ ਉਨ੍ਹਾਂ ਦੀਆਂ ਵੋਟਾਂ ਹਾਸਿਲ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੁਲਾਜ਼ਮ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਮੁਲਾਜ਼ਮਾਂ ਦਾ ਵੋਟ ਬੈਂਕ ਸਥਾਪਿਤ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਸਦਾ ਲਈ ਨੇਸਤੋ ਨਾਬੂਦ ਕਰ ਦੇਣਗੇ। ਸੁਸ਼ੀਲ ਕੁਮਾਰ ਫੌਜੀ, ਪ੍ਰਧਾਨ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਅਤੇ ਸ੍ਰੀ ਸਾਹਿਲ ਸ਼ਰਮਾ, ਜਨਰਲ ਸਕੱਤਰ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਨੇ ਰੈਲੀ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਕਿ ਇਹ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਅਤੇ ਹੋਰ ਮੁੱਦਿਆਂ ਨੂੰ ਲਾਗੂ ਕਰਨ ਦੇ ਵਾਅਦੇ ਨਾਲ ਸੱਤਾ ਤੇ ਕਾਬਜ਼ ਹੋਈ ਸੀ ਅਤੇ ਹੁਣ ਇਨ੍ਹਾਂ ਮੁੱਦਿਆਂ ਤੋਂ ਭੱਜ ਚੁੱਕੀ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਾ ਤਾਂ ਮੁਲਾਜ਼ਮਾਂ ਦੇ ਸਾਰੇ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕਰੇ ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਗੰਭੀਰ ਨਤੀਜਿਆਂ ਲਈ ਤਿਆਰ ਰਹੇ।
ਉਨ੍ਹਾਂ ਬੁਲਾਰਿਆਂ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਮਿਤੀ 05.08.2026 ਨੂੰ ਵਿਧਾਨ ਸਭਾ ਦੇ ਘਿਰਾਓ ਕਰਨ ਦੇ ਐਕਸ਼ਨ ਲਈ ਮੁਲਾਜ਼ਮਾਂ ਨੂੰ ਲਾਮਬੰਦ ਕੀਤਾ ਅਤੇ ਮਿਤੀ 07.08.2026 ਨੂੰ ਸੈਕਟਰ 39 ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਦਫਤਰ ਵਿੱਚੋਂ ਵਾਕਆਉਟ ਕਰਨ ਉਪ੍ਰੰਤ ਭਾਰੀ ਗਿਣਤੀ ਵਿੱਚ ਮਹਾਂਰੈਲੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਰੈਲੀ ਵਿੱਚ ਪੰਜਾਬ ਸਿਵਲ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰ ਸ੍ਰੀ ਮਨਜੀਤ ਸਿੰਘ ਰੰਧਾਵਾ, ਪਰਮਦੀਪ ਸਿੰਘ ਭਬਾਤ, ਮਿਥੁਨ ਚਾਵਲਾ, ਬਲਰਾਜ ਸਿੰਘ ਦਾਉਂ, ਅਲਕਾ ਚੌਪੜਾ, ਕੁਲਵੰਤ ਸਿੰਘ, ਸਿਕੰਦਰ ਸਿੰਘ, ਜਸਵੀਰ ਕੌਰ, ਬਜਰੰਗ ਯਾਦਵ, ਸਮੇਤ ਚੰਡੀਗੜ੍ਹ ਅਤੇ ਮੁਹਾਲੀ ਦੇ ਡਾਇਰੈਕਟੋਰੇਟ ਦਫ਼ਤਰਾਂ ਵਿੱਚੋਂ ਅਮਿਤ ਕਟੌਚ, ਦਵਿੰਦਰ ਸਿੰਘ ਬੈਨੀਪਾਲ, ਹਰਨੇਕ ਸਿੰਘ, ਹਰਚਰਨਜੀਤ ਸਿੰਘ, ਮਨਪ੍ਰੀਤ ਸਿੰਘ, ਆਦਿ ਅਹੁਦੇਦਾਰਾਂ ਨੇ ਵੀ ਆਪਣੇ ਵਡਮੁੱਲੇ ਵਿਚਾਰ ਦਿੰਦੇ ਹੋਏ ਹਾਜ਼ਰੀ ਲਗਵਾਈ।



