ਸੜਕ ਹਾਦਸਿਆਂ ਦੀ ਰੋਕਥਾਮ ਲਈ ਦਿੱਤੇ ਅਹਿਮ ਦਿਸ਼ਾ-ਨਿਰਦੇਸ਼

Top Trending News ਪੰਜਾਬ

 

ਸੜਕ ਹਾਦਸਿਆਂ ਦੀ ਰੋਕਥਾਮ ਲਈ ਦਿੱਤੇ ਅਹਿਮ ਦਿਸ਼ਾ-ਨਿਰਦੇਸ਼

ਬਲੈਕ ਸਪਾਟਸ ਦੀ ਸਥਿਤੀ, ਸੜਕਾਂ ਦੀ ਹਾਲਤ ਅਤੇ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਕੀਤੀ ਸਮੀਖਿਆ

ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕਾਰਜ ਕਰਨ : ਡਿਪਟੀ ਕਮਿਸ਼ਨਰ

ਮੋਗਾ, 5 ਅਗਸਤ:

ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਵੱਲੋਂ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਬੁਲਾਈ। ਮੀਟਿੰਗ ਵਿੱਚ ਰਿਜਨਲ ਟਰਾਂਸਪੋਰਟ ਅਫ਼ਸਰ ਸਤਵਿੰਦਰਪਾਲ ਸਿੰਘ, ਐਸ.ਡੀ.ਐਮ. ਧਰਮਕੋਟ ਸ੍ਰ. ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਸ੍ਰੀ ਗਗਨਦੀਪ, ਐਸ.ਡੀ.ਐਮ. ਬਾਘਾਪੁਰਾਣਾ ਸ਼੍ਰੀ ਅਮਰੀਕ ਸਿੰਘ ਸਿੱਧੂ, ਪੁਲਿਸ ਵਿਭਾਗ ਦੇ ਨੁਮਾਇੰਦੇ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ), ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ, ਸਿੱਖਿਆ ਵਿਭਾਗ, ਨਗਰ ਨਿਗਮ, ਪੰਜਾਬ ਰੋਡਵੇਜ਼ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਹਾਜ਼ਰੀ ਭਰੀ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਵਾਪਰੇ ਸੜਕ ਹਾਦਸਿਆਂ, ਬਲੈਕ ਸਪਾਟਸ ਦੀ ਸਥਿਤੀ, ਟ੍ਰੈਫਿਕ ਨਿਯਮਾਂ ਦੀ ਪਾਲਣਾ, ਸੜਕਾਂ ਦੀ ਹਾਲਤ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣਾ ਸਿਰਫ਼ ਇੱਕ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਾਰੇ ਸਬੰਧਤ ਵਿਭਾਗਾਂ ਦੇ ਸਾਂਝੇ ਅਤੇ ਸੁਚੱਜੇ ਯਤਨਾਂ ਨਾਲ ਹੀ ਇਸ ਦਿਸ਼ਾ ਵਿੱਚ ਠੋਸ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਸ੍ਰੀ ਸੇਤੀਆ ਨੇ ਲੋਕ ਨਿਰਮਾਣ ਵਿਭਾਗ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਸਾਰੇ ਦੁਰਘਟਨਾ ਪ੍ਰਭਾਵਿਤ ਸਥਾਨਾਂ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ ਅਤੇ ਜਿੱਥੇ ਵੀ ਲੋੜ ਹੋਵੇ, ਉੱਥੇ ਤੁਰੰਤ ਸੁਧਾਰਾਤਮਕ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ, ਸੜਕ ਚਿੰਨ੍ਹ, ਰਿਫਲੈਕਟਿਵ ਸਾਈਨ ਬੋਰਡ, ਸਟੱਡ, ਸਪੀਡ ਕੈਲਮਿੰਗ ਉਪਾਅ, ਸੜਕ ਮਾਰਕਿੰਗ ਅਤੇ ਸਟਰੀਟ ਲਾਈਟਾਂ ਦੀ ਉਪਲਬਧਤਾ ਹਰ ਹਾਲਤ ਵਿੱਚ ਯਕੀਨੀ ਬਣਾਈ ਜਾਵੇ।

ਡਿਪਟੀ ਕਮਿਸ਼ਨਰ ਨੇ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਕਿ ਓਵਰ ਸਪੀਡ, ਸ਼ਰਾਬ ਪੀ ਕੇ ਵਾਹਨ ਚਲਾਉਣ, ਹੈਲਮੈਟ ਅਤੇ ਸੀਟ ਬੈਲਟ ਦੀ ਵਰਤੋਂ ਨਾ ਕਰਨ, ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਹੋਏ ਵਾਹਨ ਚਲਾਉਣ ਅਤੇ ਓਵਰਲੋਡਿੰਗ ਵਰਗੀਆਂ ਉਲੰਘਣਾਵਾਂ ਖ਼ਿਲਾਫ਼ ਨਿਯਮਤ ਵਿਸ਼ੇਸ਼ ਚੈਕਿੰਗ ਮੁਹਿੰਮਾਂ ਚਲਾਈਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਬੱਸਾਂ ਅਤੇ ਹੋਰ ਜਨਤਕ ਆਵਾਜਾਈ ਵਾਲੇ ਵਾਹਨਾਂ ਦੀ ਸਮੇਂ-ਸਮੇਂ ‘ਤੇ ਜਾਂਚ ਕਰਕੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਉਨ੍ਹਾਂ ਸਿੱਖਿਆ ਵਿਭਾਗ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਗਤੀਵਿਧੀਆਂ ਨਿਯਮਤ ਤੌਰ ‘ਤੇ ਕਰਵਾਉਣ ਲਈ ਕਿਹਾ ਤਾਂ ਜੋ ਨੌਜਵਾਨਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਆਦਤ ਵਿਕਸਿਤ ਹੋ ਸਕੇ। ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਨੂੰ ਵਪਾਰਕ ਵਾਹਨ ਚਾਲਕਾਂ ਲਈ ਸੜਕ ਸੁਰੱਖਿਆ ਜਾਗਰੂਕਤਾ ਕੈਂਪ ਲਗਾਉਣ ਅਤੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਨਗਰ ਨਿਗਮ ਅਤੇ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੂੰ ਸੜਕਾਂ ਅਤੇ ਚੌਰਾਹਿਆਂ ਤੋਂ ਨਾਜਾਇਜ਼ ਕਬਜ਼ੇ ਹਟਾਉਣ, ਟ੍ਰੈਫਿਕ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਅਤੇ ਲੋੜੀਂਦੇ ਸਥਾਨਾਂ ‘ਤੇ ਸਟਰੀਟ ਲਾਈਟਾਂ ਦੀ ਵਿਵਸਥਾ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਨੂੰ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ‘ਤੇ ਸਮਾਂਬੱਧ ਕਾਰਵਾਈ ਕਰਦਿਆਂ ਨਿਯਮਤ ਪ੍ਰਗਤੀ ਰਿਪੋਰਟ ਪੇਸ਼ ਕਰਨ ਲਈ ਕਿਹਾ।

ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਅਤੇ ਚਾਰ ਪਹੀਆ ਵਾਹਨਾਂ ਵਿੱਚ ਸੀਟ ਬੈਲਟ ਦੀ ਵਰਤੋਂ ਲਾਜ਼ਮੀ ਕਰਨ, ਸ਼ਰਾਬ ਪੀ ਕੇ ਜਾਂ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਹੋਏ ਵਾਹਨ ਨਾ ਚਲਾਉਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਹੀ ਜ਼ਿਲ੍ਹੇ ਵਿੱਚ ਸੜਕ ਹਾਦਸਿਆਂ ਵਿੱਚ ਪ੍ਰਭਾਵਸ਼ਾਲੀ ਕਮੀ ਲਿਆ ਕੇ ਸੁਰੱਖਿਅਤ ਅਤੇ ਜ਼ਿੰਮੇਵਾਰ ਆਵਾਜਾਈ ਦਾ ਮਾਹੌਲ ਸਿਰਜਿਆ ਜਾ ਸਕਦਾ ਹੈ।