ਅਜਨਾਲਾ ਥਾਣਾ ਕਾਂਡ ਦੇ ਸਰਕਾਰੀ ਗਵਾਹ ‘ਤੇ ਫਾਇਰਿੰਗ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ: ਮੁੱਖ ਮੁਲਜ਼ਮ ਗ੍ਰਿਫ਼ਤਾਰ

Top Trending News ਪੰਜਾਬ
  • ਅਜਨਾਲਾ ਥਾਣਾ ਕਾਂਡ ਦੇ ਸਰਕਾਰੀ ਗਵਾਹ ‘ਤੇ ਫਾਇਰਿੰਗ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ: ਮੁੱਖ ਮੁਲਜ਼ਮ ਗ੍ਰਿਫ਼ਤਾਰ

ਮੋਰਿੰਡਾ, 5 ਅਗਸਤ (ਭਟੋਆ): ਮੋਰਿੰਡਾ ਸਦਰ ਪੁਲਿਸ ਨੇ ਅਜਨਾਲਾ ਥਾਣਾ ਕਾਂਡ ਵਿੱਚ ਵਾਰਿਸ ਪੰਜਾਬ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਐਮਪੀ ਖ਼ਿਲਾਫ਼ ਸਰਕਾਰੀ ਗਵਾਹ ਵਰਿੰਦਰ ਸਿੰਘ ਮਾਵੀ ਤੇ ਉਸ ਦੇ ਸਾਥੀ ਉੱਪਰ ਥਾਰ ਗੱਡੀ ਵਿੱਚ ਸਵਾਰ ਹੋ ਕੇ ਉਨਾ ਦੀ ਬਲੇਰੋ ਗੱਡੀ ਦਾ ਪਿੱਛਾ ਕਰਨ, ਤਾਬੜਤੋੜ ਫਾਇਰਿੰਗ ਕਰਨ ਅਤੇ ਇੱਕ ਯੁਵਕ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਕਬਜ਼ੇ ‘ਚੋਂ ਵਾਰਦਾਤ ਵਿੱਚ ਵਰਤੀ ਗਈ ਥਾਰ ਗੱਡੀ, .32 ਬੋਰ ਦੀ ਰਿਵਾਲਵਰ ਅਤੇ 6 ਵਰਤੇ ਹੋਏ ਕਾਰਤੂਸ (ਖੋਲ) ਬਰਾਮਦ ਕੀਤੇ ਗਏ ਹਨ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਡੀਐਸਪੀ ਰਾਜਪਾਲ ਸਿੰਘ ਅਤੇ ਐਸਐਚਓ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਰਿੰਦਰ ਸਿੰਘ ਉਰਫ਼ ਮਾਵੀ ਵਾਸੀ ਪਿੰਡ ਸਲੇਮਪੁਰ (ਮੋਰਿੰਡਾ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 4 ਅਗਸਤ ਨੂੰ ਉਹ ਆਪਣੇ ਸਾਥੀ ਹਰਜਿੰਦਰ ਸਿੰਘ ਉਰਫ਼ ਹੈਪੀ (ਵਾਸੀ ਜਲਾਹ ਮਾਜਰਾ, ਥਾਣਾ ਮਾਛੀਵਾੜਾ) ਨਾਲ ਆਪਣੀ ਬਲੇਰੋ ਗੱਡੀ (ਨੰਬਰ PB-02CR-2188) ਵਿੱਚ ਸਵਾਰ ਹੋ ਕੇ ਖਰੜ ਤੋਂ ਆਪਣੇ ਪਿੰਡ ਸਲੇਮਪੁਰ ਵਾਪਸ ਆ ਰਿਹਾ ਸੀ।

ਜਦੋਂ ਉਹ ਰਸੂਲਪੁਰ ਸਥਿਤ ਗੁਰਦੁਆਰਾ ਸਾਹਿਬ ਨੇੜੇ ਪਹੁੰਚੇ, ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਉਨ੍ਹਾਂ ਦੀ ਬਲੇਰੋ ਨੂੰ ਓਵਰਟੇਕ ਕਰਕੇ ਰਸਤਾ ਰੋਕ ਲਿਆ। ਥਾਰ ਚਾਲਕ ਨੇ ਤੁਰੰਤ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਵਰਿੰਦਰ ਅਤੇ ਉਸ ਦਾ ਸਾਥੀ ਬਲੇਰੋ ਭਗਾ ਕੇ ਆਪਣੇ ਪਿੰਡ ਸਲੇਮਪੁਰ ਪਹੁੰਚੇ।

ਪੀੜਤ ਵਰਿੰਦਰ ਸਿੰਘ ਅਨੁਸਾਰ, ਥਾਰ ਚਾਲਕ ਇੱਥੇ ਹੀ ਨਹੀਂ ਰੁਕਿਆ। ਉਹ ਪਿੱਛਾ ਕਰਦਾ ਹੋਇਆ ਸਲੇਮਪੁਰ ਪਿੰਡ ਤੱਕ ਆ ਪਹੁੰਚਿਆ, ਜਿੱਥੇ ਮੁਲਜ਼ਮ ਨੇ ਆਪਣੀ ਥਾਰ ਗੱਡੀ ਸਿੱਧੀ ਬਲੇਰੋ ਵਿੱਚ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਹਥਿਆਰ ਲਹਿਰਾਉਂਦੇ ਹੋਏ ਹਰਜਿੰਦਰ ਸਿੰਘ ਉਰਫ਼ ਹੈਪੀ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮ ਨੇ 2 ਤੋਂ 3 ਰਾਂਉੰਦ ਹੋਰ ਫਾਇਰ ਕੀਤੇ। ਹਾਲਾਂਕਿ, ਵਰਿੰਦਰ ਅਤੇ ਹਰਜਿੰਦਰ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਦਰ ਮੋਰਿੰਡਾ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 109, 126(2), 140(1), 62, 324(4) ਅਤੇ ਆਰਮਜ਼ ਐਕਟ (Arms Act) ਦੀਆਂ ਧਾਰਾਵਾਂ 25, 54, 59 ਤਹਿਤ ਮਾਮਲਾ ਦਰਜ (ਕੀਤਾ ਗਿਆ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਘੇਰਾਬੰਦੀ ਕਰਕੇ ਮੁਲਜ਼ਮ ਜਸਵੀਰ ਸਿੰਘ ਉਰਫ਼ ਕਾਲਾ ਪੁੱਤਰ ਭਾਗ ਸਿੰਘ (ਵਾਸੀ ਪਿੰਡ ਸਮਰੌਲੀ) ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਥਾਰ ਗੱਡੀ (ਨੰਬਰ PB-65BF-7648) ਅਤੇ .32 ਬੋਰ ਰਿਵਾਲਵਰ ਦੇ ਨਾਲ 6 ਚੱਲੇ ਹੋਏ ਕਾਰਤੂਸਾਂ ਦੇ ਖੋਲ ਬਰਾਮਦ ਕੀਤੇ ਹਨ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜਸਵੀਰ ਸਿੰਘ ਉਰਫ਼ ਕਾਲਾ ਨੂੰ 1 ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਸੀ, ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਰੰਜਿਸ਼ ਜਾਂ ਵਾਰਦਾਤ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਸੀ ਅਤੇ ਕੀ ਇਸ ਵਿੱਚ ਕੋਈ ਹੋਰ ਮੁਲਜ਼ਮ ਵੀ ਸ਼ਾਮਲ ਸੀ।