ਚੰਗੇ ਪਰਿਵਾਰ ‘ਚ ਵਿਆਹ ਕਰਵਾਉਣ ਲਈ ਕੁੜੀ ਬਣੀ Fake ਥਾਣੇਦਾਰਨੀ, ਅਸਲੀ ਪੁਲਿਸ ਨੇ ਫੜੀ
ਮੋਗਾ ਵਿੱਚ ਨਕਲੀ ਸਹਾਇਕ ਥਾਣੇਦਾਰ ਬਣ ਕੇ ਥਾਣੇ ਪੁੱਜਦੀ ਰਹੀ ਲੜਕੀ ਕਾਬੂ
ਮੋਗਾ, 8 ਅਗਸਤ 2026
ਮੋਗਾ ਪੁਲੀਸ ਨੇ ਆਪਣੇ ਆਪ ਨੂੰ ਸਹਾਇਕ ਥਾਣੇਦਾਰ ਦੱਸ ਕੇ ਪੁਲੀਸ ਦੀ ਵਰਦੀ ਵਿੱਚ ਥਾਣਿਆਂ ਅਤੇ ਸਾਂਝ ਕੇਂਦਰ ਵਿੱਚ ਵਿਚਰ ਰਹੀ ਇੱਕ ਲੜਕੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਲੜਕੀ ਦੇ ਕਬਜ਼ੇ ਵਿੱਚੋਂ ਪੁਲੀਸ ਦੀ ਵਰਦੀ, ਨਕਲੀ ਸ਼ਨਾਖ਼ਤੀ ਪੱਤਰ, ਬੂਟ, ਪੱਟਾ ਅਤੇ ਵਾਕੀ-ਟਾਕੀ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਵੱਲੋਂ ਉਸ ਵਿਰੁੱਧ ਥਾਣਾ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰਕੇ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ ਹੈ।
ਮੁਲਜ਼ਮ ਦੀ ਪਛਾਣ ਕੋਮਲਪ੍ਰੀਤ ਕੌਰ ਪੁੱਤਰੀ ਬਖ਼ਸ਼ੀਸ਼ ਸਿੰਘ, ਵਾਸੀ ਮੱਲਾਂਵਾਲਾ ਵਜੋਂ ਹੋਈ ਹੈ। ਜਾਂਚ ਅਧਿਕਾਰੀ ਮੋਹਕਮ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਕੋਮਲਪ੍ਰੀਤ ਕੌਰ ਨੇ ਕਬੂਲਿਆ ਕਿ ਉਹ ਤਰਨਤਾਰਨ ਅਤੇ ਮੋਗਾ ਵਿੱਚ ਪੁਲੀਸ ਦੀ ਵਰਦੀ ਪਾ ਕੇ ਵੱਖ-ਵੱਖ ਥਾਣਿਆਂ ਵਿੱਚ ਜਾਂਦੀ ਰਹੀ ਹੈ।
ਜਾਂਚ ਅਧਿਕਾਰੀ ਅਨੁਸਾਰ ਮੁਲਜ਼ਮ ਲੜਕੀ ਪਿਛਲੇ ਕੁਝ ਦਿਨਾਂ ਤੋਂ ਥਾਣਾ ਸਿਟੀ ਮੋਗਾ ਦੇ ਨਾਲ ਸਥਿਤ ਸਾਂਝ ਕੇਂਦਰ ਵਿੱਚ ਵੀ ਆ ਰਹੀ ਸੀ। ਉਹ ਉੱਥੇ ਪੁਲੀਸ ਮੁਲਾਜ਼ਮਾਂ ਨਾਲ ਬੈਠਦੀ ਅਤੇ ਕਥਿਤ ਤੌਰ ’ਤੇ ਡਿਊਟੀ ਵੀ ਕਰਦੀ ਰਹੀ। ਹਾਲਾਂਕਿ, ਉਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਸਾਂਝ ਕੇਂਦਰ ਦੇ ਕਰਮਚਾਰੀਆਂ ਨੂੰ ਸ਼ੱਕ ਹੋਇਆ। ਇਸ ਸਬੰਧੀ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ।
ਪੁਲੀਸ ਮੁਤਾਬਕ ਮੁੱਢਲੀ ਪੁੱਛਗਿੱਛ ਵਿੱਚ ਲੜਕੀ ਨੇ ਦੱਸਿਆ ਕਿ ਉਸ ਦਾ ਮਕਸਦ ਆਪਣੇ ਲਈ ਕਿਸੇ ਚੰਗੇ ਪਰਿਵਾਰ ਵਿੱਚ ਵਿਆਹ ਦਾ ਰਿਸ਼ਤਾ ਕਰਵਾਉਣਾ ਸੀ। ਹਾਲਾਂਕਿ, ਪੁਲੀਸ ਵੱਲੋਂ ਇਸ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਮੋਹਕਮ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਵਿਰੁੱਧ ਮੁਕੱਦਮਾ ਨੰਬਰ 201 ਦਰਜ ਕੀਤਾ ਗਿਆ ਹੈ। ਅਦਾਲਤੀ ਰਿਮਾਂਡ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਪੁਲੀਸ ਅਧਿਕਾਰੀ ਬਣ ਕੇ ਹੋਰ ਕਿੱਥੇ-ਕਿੱਥੇ ਵਿਚਰਿਆ ਅਤੇ ਇਸ ਦੌਰਾਨ ਕਿਸੇ ਹੋਰ ਵਿਅਕਤੀ ਨਾਲ ਧੋਖਾਧੜੀ ਤਾਂ ਨਹੀਂ ਕੀਤੀ।



