- ਤਰਕਸ਼ੀਲ ਸੰਪਾਦਕ ਰਾਜਪਾਲ ਸਿੰਘ ਨੇ ਸਾਮਾਜਿਕ ਤੇ ਵਿਗਿਆਨਕ ਰੋਸ਼ਨੀ ਫ਼ੈਲਾਉਣ ਦਾ ਸੁਨੇਹਾ ਦਿੱਤਾ
- ਤਿੰਨ ਦਿਨਾਂ ਪੁਸਤਕ ਪ੍ਰਦਰਸ਼ਨੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ: ਤਰਕਸ਼ੀਲ ਸੁਸਾਇਟੀ
ਦਲਜੀਤ ਕੌਰ
ਸੁਨਾਮ, 9 ਅਗਸਤ, 2026: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੁਨਾਮ ਦੀ ਵਿਸ਼ੇਸ਼ ਮੀਟਿੰਗ ਜ਼ੋਨ ਆਗੂ ਪਰਮਵੇਦ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿੱਚ ਸਟੇਟ ਕਮੇਟੀ ਵੱਲੋਂ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਨੇ ਤਰਕਸ਼ੀਲ ਲਹਿਰ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਸੁਸਾਇਟੀ ਨੂੰ ਬਦਲਵੇਂ ਢੰਗ ਨਾਲ ਗਤੀਵਿਧੀਆਂ ਵਿਉਂਤਣ ਅਤੇ ਆਧੁਨਿਕ ਤਕਨੀਕਾਂ ਨੂੰ ਵਰਤਦੇ ਹੋਏ ਸਮਾਜ ਨੂੰ ਵਿਗਿਆਨਕ ਵਿਚਾਰਾਂ ਨਾਲ ਚੇਤੰਨ ਕਰਨ ਤੇ ਜ਼ੋਰ ਦਿੱਤਾ। ਉਹਨਾਂ ਨੇ ਬਰਨਾਲਾ ਵਿਖੇ ਲੱਗ ਰਹੇ ਤਿੰਨ ਰੋਜ਼ਾ ਪੁਸਤਕ ਮੇਲੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਪ੍ਰੇਰਿਤ ਕੀਤਾ। ਤਰਕਸ਼ੀਲ ਇਕਾਈ ਸੁਨਾਮ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀ ਸਰਗਰਮੀਆਂ ਦਾ ਲੇਖਾ ਜੋਖਾ ਕਰਦਿਆਂ ਮੈਗਜੀਨ ਦੇ ਸਾਲਾਨਾ ਪਾਠਕਾਂ ਦੀ ਗਿਣਤੀ ਵਧਾਉਣ ਲਈ ਕਿਹਾ।
ਜੋਨ ਆਗੂ ਪਰਮਵੇਦ ਨੇ ਤਰਕਸ਼ੀਲ ਸੁਸਾਇਟੀ ਦੀ ਸੁਨਾਮ ਇਕਾਈ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਅਤੇ ਸਟੇਟ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਸਮਰਪਿਤ ਹੋਕੇ ਕਰਵਾਉਣ ਲਈ ਵਧਾਈ ਦਿੱਤੀ। ਸ਼ੁਪਿੰਦਰ ਨੇ ਆਪਣੇ ਲਿਖੇ ਗੀਤ ਸੁਣਾ ਕੇ ਰੰਗ ਬੰਨਿਆਂ। ਦਵਿੰਦਰ ਸਿੰਘ, ਅਨਿਲ ਕੁਮਾਰ, ਪਵਨ ਕੁਮਾਰ, ਰਾਮ ਸਰੂਪ ਢੈਪਈ ਅਤੇ ਦਾਤਾ ਸਿੰਘ ਨੇ ਵਿਚਾਰ ਪੇਸ਼ ਕਰਕੇ ਚਰਚਾ ‘ਚ ਭਾਗ ਲਿਆ।ਜਥੇਬੰਦਕ ਮੁਖੀ ਵਿਸ਼ਵਕਾਂਤ ਨੇ ਸਭ ਦਾ ਧੰਨਵਾਦ ਕੀਤਾ। ਉਪਰੋਕਤ ਤੋਂ ਇਲਾਵਾ ਜੋਨ ਮੀਡੀਆ ਮੁਖੀ ਸੀਤਾ ਰਾਮ, ਪਦਮ ਕੁਮਾਰ, ਧੰਨਾ ਸਿੰਘ, ਦਾਰਾ ਸਿੰਘ, ਹਰਿੰਦਰ ਸਿੰਘ, ਦਰਸ਼ਨ ਸਿੰਘ ਹਾਜ਼ਰ ਰਹੇ।ਗੁਰਮੇਲ ਸਿੰਘ ਅਤੇ ਸੰਜੀਵ ਕੁਮਾਰ ਨੇ ਪ੍ਰਬੰਧਕੀ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦੇ ਹੋਏ ਖਾਣੇ ਦੀ ਸੇਵਾ ਵੀ ਨਿਭਾਈ। ਵਿਸ਼ੇਸ਼ ਮੀਟਿੰਗ ਦੌਰਾਨ ਰਾਜਪਾਲ ਨੇ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਨੂੰ ਵਧੇਰੇ ਸਰਗਰਮੀ ਨਾਲ ਸਮਾਜ ਚੋਂ ਅੰਧਵਿਸ਼ਵਾਸਾਂ ਦਾ ਖ਼ਾਤਮਾ ਕਰਕੇ ਵਿਗਿਆਨਕ ਅਤੇ ਸਮਾਜਿਕ ਚੇਤਨਾ ਦੀ ਰੋਸ਼ਨੀ ਫੈਲਾਉਣ ਦਾ ਸੁਨੇਹਾ ਦਿੱਤਾ।



