ਅਮਰੀਕਾ ’ਚ ਪ੍ਰੇਮਿਕਾ ਦੇ ਕਤਲ ਦਾ ਦੋਸ਼ੀ ਭਾਰਤੀ ਵਿਦਿਆਰਥੀ ਜਰਮਨੀ ’ਚ ਗ੍ਰਿਫ਼ਤਾਰ, ਭਾਰਤ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼
ਟਕਸਨ, 10 ਅਗਸਤ 2026: ਅਮਰੀਕਾ ਦੇ ਅਰੀਜ਼ੋਨਾ ਸੂਬੇ ਦੇ ਟਕਸਨ ਸ਼ਹਿਰ ਵਿੱਚ ਆਪਣੀ 19 ਸਾਲਾ ਅਮਰੀਕੀ ਪ੍ਰੇਮਿਕਾ ਦਾ ਕਥਿਤ ਤੌਰ ’ਤੇ ਕਤਲ ਕਰਨ ਤੋਂ ਬਾਅਦ ਭਾਰਤ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 20 ਸਾਲਾ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਰੁਣ ਯੂਨੀਵਰਸਿਟੀ ਆਫ਼ ਅਰੀਜ਼ੋਨਾ ਵਿੱਚ ਬਿਜ਼ਨਸ ਐਨਾਲਿਟਿਕਸ ਦਾ ਵਿਦਿਆਰਥੀ ਰਿਹਾ ਹੈ।
ਟਕਸਨ ਪੁਲੀਸ ਵਿਭਾਗ (TPD) ਮੁਤਾਬਕ, ਵਰੁਣ ’ਤੇ ਦੋਸ਼ ਹੈ ਕਿ ਉਸ ਨੇ 6 ਅਗਸਤ ਨੂੰ ਆਪਣੀ ਪ੍ਰੇਮਿਕਾ ਜੁਲਿਸਾ ਰੂਬੀ ਸਾਲਾਜ਼ਾਰ ਦਾ ਗਲਾ ਘੁੱਟ ਕੇ ਕਤਲ ਕੀਤਾ। ਪੁਲੀਸ ਅਨੁਸਾਰ, ਵਾਰਦਾਤ ਤੋਂ ਬਾਅਦ ਉਹ ਜੁਲਿਸਾ ਦਾ ਮੋਬਾਈਲ ਫ਼ੋਨ ਅਤੇ ਕ੍ਰੈਡਿਟ ਕਾਰਡ ਲੈ ਕੇ ਉੱਥੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ’ਤੇ ਜੁਲਿਸਾ ਦੀ ਪਛਾਣ ਬਣ ਕੇ ਉਸ ਦੀ ਮਾਂ ਨੂੰ ਮੈਸੇਜ ਵੀ ਭੇਜੇ, ਤਾਂ ਜੋ ਕਤਲ ਦੀ ਗੱਲ ਲੁਕਾਈ ਜਾ ਸਕੇ।
ਹਾਲਾਂਕਿ, ਜੁਲਿਸਾ ਦੇ ਪਰਿਵਾਰ ਨੂੰ ਮੈਸੇਜਾਂ ਦੀ ਭਾਸ਼ਾ ’ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਟਕਸਨ ਫਾਇਰ ਡਿਪਾਰਟਮੈਂਟ ਦੀ ਟੀਮ ਜੁਲਿਸਾ ਦੇ ਅਪਾਰਟਮੈਂਟ ਪਹੁੰਚੀ, ਜਿੱਥੇ ਉਸ ਦੀ ਲਾਸ਼ ਮਿਲੀ। ਪੁਲੀਸ ਮੁਤਾਬਕ, ਉਸ ਦੀ ਧੌਣ ’ਤੇ ਗਲਾ ਘੁੱਟਣ ਦੇ ਨਿਸ਼ਾਨ ਸਨ।
ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਵਰੁਣ ਭਾਰਤ ਜਾਣ ਲਈ ਜਰਮਨੀ ਦੀ ਫਲਾਈਟ ’ਚ ਸਵਾਰ ਹੋ ਚੁੱਕਾ ਸੀ। ਜਰਮਨੀ ਪਹੁੰਚਣ ’ਤੇ ਉੱਥੋਂ ਦੀ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਅਮਰੀਕੀ ਅਧਿਕਾਰੀ ਉਸ ਨੂੰ ਵਾਪਸ ਅਮਰੀਕਾ ਲਿਆਉਣ ਦੀ ਕਾਰਵਾਈ ਕਰ ਰਹੇ ਹਨ।



