ਅਸਾਮ ’ਚ ਹੜ੍ਹ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 100 ਤੱਕ ਪੁੱਜੀ; 1.4 ਲੱਖ ਲੋਕ ਪ੍ਰਭਾਵਿਤ

Top Trending News ਰਾਸ਼ਟਰੀ

 

ਅਸਾਮ ’ਚ ਹੜ੍ਹ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 100 ਤੱਕ ਪੁੱਜੀ; 1.4 ਲੱਖ ਲੋਕ ਪ੍ਰਭਾਵਿਤ

ਗੁਹਾਟੀ, 10 ਅਗਸਤ 2026: ਅਸਾਮ ਵਿੱਚ ਹੜ੍ਹ ਦੀ ਸਥਿਤੀ ਸੋਮਵਾਰ ਨੂੰ ਵੀ ਗੰਭੀਰ ਬਣੀ ਰਹੀ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੜ੍ਹ ਕਾਰਨ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਇਸ ਸਾਲ ਹੜ੍ਹ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 100 ਤੱਕ ਪਹੁੰਚ ਗਈ ਹੈ। ਸਰਕਾਰੀ ਬੁਲੇਟਿਨ ਮੁਤਾਬਕ ਸੂਬੇ ਦੇ ਸੱਤ ਜ਼ਿਲ੍ਹਿਆਂ ਵਿੱਚ ਕਰੀਬ 1.4 ਲੱਖ ਲੋਕ ਹੜ੍ਹ ਦੀ ਮਾਰ ਝੱਲ ਰਹੇ ਹਨ।

ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ASDMA) ਵੱਲੋਂ ਜਾਰੀ ਰਿਪੋਰਟ ਅਨੁਸਾਰ ਗੋਲਾਘਾਟ ਅਤੇ ਕਾਰਬੀ ਆਂਗਲੌਂਗ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਅਧਿਕਾਰੀਆਂ ਮੁਤਾਬਕ ਸੂਬੇ ਦੀਆਂ ਕਈ ਪ੍ਰਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਕਾਰਨ ਹੜ੍ਹ ਦਾ ਪਾਣੀ ਹੋਰ ਨਵੇਂ ਇਲਾਕਿਆਂ ਵਿੱਚ ਦਾਖ਼ਲ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਹੜ੍ਹ ਕਾਰਨ ਅਸਾਮ ਦੇ 456 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ, ਜਦਕਿ 11,933 ਹੈਕਟੇਅਰ ਤੋਂ ਵੱਧ ਫ਼ਸਲੀ ਰਕਬਾ ਪ੍ਰਭਾਵਿਤ ਹੋਇਆ ਹੈ। ਇਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

ਹੜ੍ਹ ਦਾ ਸਭ ਤੋਂ ਵੱਧ ਪ੍ਰਭਾਵ ਚਰਾਈਦੇਓ, ਦਰੰਗ, ਗੋਲਾਘਾਟ, ਜੋਰਹਾਟ, ਕਾਰਬੀ ਆਂਗਲੌਂਗ, ਨਗਾਓਂ ਅਤੇ ਸ਼ਿਵਸਾਗਰ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ।