ਵੱਡੀ ਖ਼ਬਰ: ਅਕਾਲੀ ਦਲ ‘ਵਾਰਿਸ ਪੰਜਾਬ’ ਨੇ ਐਲਾਨਿਆ ਪਹਿਲਾ ਉਮੀਦਵਾਰ; ਪੜ੍ਹੋ ਕਿਸਨੂੰ ਦਿੱਤੀ ਟਿਕਟ?

Top Trending News ਪੰਜਾਬ

 

ਵੱਡੀ ਖ਼ਬਰ: ਅਕਾਲੀ ਦਲ ‘ਵਾਰਿਸ ਪੰਜਾਬ’ ਨੇ ਐਲਾਨਿਆ ਪਹਿਲਾ ਉਮੀਦਵਾਰ; ਪੜ੍ਹੋ ਕਿਸਨੂੰ ਦਿੱਤੀ ਟਿਕਟ?

ਚੰਡੀਗੜ੍ਹ, 11 ਅਗਸਤ 2026

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ‘ਵਾਰਿਸ ਪੰਜਾਬ’ ਨੇ ਆਪਣੀ ਪਹਿਲੀ ਟਿਕਟ ਦਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਨੇ ਭਾਈ ਕੇਹਰ ਸਿੰਘ ਦੇ ਪੁੱਤਰ ਭਾਈ ਸਤਵੰਤ ਸਿੰਘ ਨੂੰ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ।

ਪ੍ਰੈਸ ਕਾਨਫਰੰਸ ਦੀ ਅਗਵਾਈ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਕੀਤੀ। ਇਸ ਮੌਕੇ ਭਾਈ ਕੇਹਰ ਸਿੰਘ ਦੇ ਵੱਡੇ ਪੁੱਤਰ ਭਾਈ ਰਜਿੰਦਰ ਸਿੰਘ, ਪੋਤਰੇ ਭਾਈ ਪੁਰੂ ਰਾਜ ਸਿੰਘ, ਭਾਈ ਸੁਖਵਿੰਦਰ ਸਿੰਘ ਅਗਵਾਨ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਤਰਸੇਮ ਸਿੰਘ ਨੇ ਕਿਹਾ ਕਿ ‘ਵਾਰਿਸ ਪੰਜਾਬ’ ਦੀ ਸਿਆਸਤ ਸਿਰਫ਼ ਸੱਤਾ ਹਾਸਲ ਕਰਨ ਤੱਕ ਸੀਮਤ ਨਹੀਂ, ਸਗੋਂ ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ ਅਤੇ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਦੇ ਸਨਮਾਨ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸ਼ਹੀਦ ਪਰਿਵਾਰ ਵਿੱਚੋਂ ਪਹਿਲੀ ਉਮੀਦਵਾਰੀ ਦਾ ਐਲਾਨ ਉਨ੍ਹਾਂ ਧਾਰਨਾਵਾਂ ਦਾ ਜਵਾਬ ਹੈ, ਜਿਨ੍ਹਾਂ ਵਿੱਚ ਪਾਰਟੀ ’ਤੇ ਅਜਿਹੇ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ।

ਉਨ੍ਹਾਂ ਇਹ ਵੀ ਦੱਸਿਆ ਕਿ ਭਾਈ ਸੁਖਵਿੰਦਰ ਸਿੰਘ ਅਗਵਾਨ ਨੂੰ ਪਾਰਟੀ ਦੇ ਪਾਰਲੀਮਾਨੀ ਬੋਰਡ ਵਿੱਚ ਮੈਂਬਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ। ਇੱਥੇ ਦੱਸਣਾ ਬਣਦਾ ਕਿ MP ਸਰਬਜੀਤ ਸਿੰਘ ਖਾਲਸਾ ਦੀ ਭੈਣ ਅੰਮ੍ਰਿਤ ਕੌਰ ਮਲੋਆ ਵੀ ਬੱਸੀ ਪਠਾਣਾਂ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ।