Punjab News: ਕਾਰੋਬਾਰੀ ਦੀ ਸ਼ੱਕੀ ਹਾਲਾਤਾਂ ‘ਚ ਮੌਤ; ਗੋਲੀ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਖਦਸ਼ਾ!
ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਫ਼ਿਰੋਜ਼ਪੁਰ, 17 ਅਗਸਤ 2026
ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਇਲਾਕੇ ਵਿੱਚ ਇੱਕ ਸਪੇਅਰ ਪਾਰਟਸ ਕਾਰੋਬਾਰੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗੁਰਕ੍ਰਿਪਾਲ ਸਿੰਘ, ਉਮਰ ਕਰੀਬ 67-68 ਸਾਲ, ਵਾਸੀ ਕੋਠੀ ਨੰਬਰ 5, ਗੋਲਡਨ ਇਨਕਲੇਵ ਵਜੋਂ ਹੋਈ ਹੈ। ਉਹ ਸਪੇਅਰ ਪਾਰਟਸ ਦਾ ਕਾਰੋਬਾਰ ਕਰਦੇ ਸਨ।
ਮ੍ਰਿਤਕ ਦੇ ਰਿਸ਼ਤੇਦਾਰ ਬੰਟੀ ਨੇ ਦੱਸਿਆ ਕਿ ਗੁਰਕ੍ਰਿਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਪੀਜੀਆਈ ਚੰਡੀਗੜ੍ਹ ਤੋਂ ਦਿਮਾਗ ਨਾਲ ਸਬੰਧਤ ਦਵਾਈ ਲੈ ਰਹੇ ਸਨ। ਹਾਲਾਂਕਿ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੇ ਆਮ ਵਿਹਾਰ ਵਿੱਚ ਅਜਿਹਾ ਕੋਈ ਸੰਕੇਤ ਨਜ਼ਰ ਨਹੀਂ ਆਇਆ ਸੀ, ਜਿਸ ਤੋਂ ਇਸ ਤਰ੍ਹਾਂ ਦੀ ਘਟਨਾ ਦਾ ਅੰਦਾਜ਼ਾ ਲਗਾਇਆ ਜਾ ਸਕੇ।
ਬੰਟੀ ਮੁਤਾਬਕ ਸੋਮਵਾਰ ਸਵੇਰੇ ਗੁਰਕ੍ਰਿਪਾਲ ਸਿੰਘ ਨੇ ਆਮ ਦਿਨਾਂ ਵਾਂਗ ਪਾਠ ਕੀਤਾ। ਇਸ ਤੋਂ ਕੁਝ ਸਮੇਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੇ ਗਏ। ਘਟਨਾ ਬਾਰੇ ਪਤਾ ਲੱਗਣ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।
ਮੌਕੇ ’ਤੇ ਪਹੁੰਚੇ ਥਾਣਾ ਸਿਟੀ ਫਿਰੋਜ਼ਪੁਰ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਮਾਮਲਾ ਖੁਦਕੁਸ਼ੀ ਨਾਲ ਸਬੰਧਤ ਜਾਪਦਾ ਹੈ। ਪੁਲਸ ਵੱਲੋਂ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਸ ਅਧਿਕਾਰੀਆਂ ਮੁਤਾਬਕ ਘਟਨਾ ਪਿੱਛੇ ਅਸਲ ਕਾਰਨਾਂ ਦਾ ਪਤਾ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਲੱਗ ਸਕੇਗਾ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਗੋਲਡਨ ਇਨਕਲੇਵ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।





