Breaking: ਪੁਲਿਸ ਅਤੇ ਹਿਮਾਂਸ਼ੂ ਭਾਊ ਗੈਂਗ ਦੇ ਸ਼ੂਟਰਾਂ ਵਿਚਾਲੇ ਮੁਕਾਬਲਾ, ਦੋ ਕਾਬੂ!
ਨਵੀਂ ਦਿੱਲੀ, 21 ਅਗਸਤ 2026:
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਬੱਕਰਵਾਲਾ ਇਲਾਕੇ ਵਿੱਚ ਦੇਰ ਰਾਤ ਗੋਲੀਆਂ ਚੱਲਣ ਦੀ ਆਵਾਜ਼ ਨਾਲ ਹੜਕੰਪ ਮਚ ਗਿਆ। ਇਥੇ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਅਤੇ ਹਿਮਾਂਸ਼ੂ ਭਾਊ ਗੈਂਗ ਨਾਲ ਕਥਿਤ ਤੌਰ ’ਤੇ ਜੁੜੇ ਸ਼ੂਟਰਾਂ ਵਿਚਾਲੇ ਮੁਕਾਬਲਾ ਹੋਣ ਦੀ ਸੂਚਨਾ ਹੈ। ਪੁਲਿਸ ਮੁਤਾਬਕ ਮੁਕਾਬਲੇ ਦੌਰਾਨ ਦੋ ਸ਼ੱਕੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਆਰਕੇ ਪੁਰਮ ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲੀ ਸੀ ਕਿ ਹਿਮਾਂਸ਼ੂ ਭਾਊ ਗੈਂਗ ਨਾਲ ਸਬੰਧਤ ਕੁਝ ਸ਼ੂਟਰ ਬੱਕਰਵਾਲਾ ਇਲਾਕੇ ਵਿੱਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਪਹੁੰਚ ਸਕਦੇ ਹਨ। ਪੁਲਿਸ ਨੂੰ ਇਹ ਵੀ ਇਨਪੁਟ ਮਿਲਿਆ ਸੀ ਕਿ ਗੈਂਗ ਵੱਲੋਂ ਆਰਆਰਐਮ ਹਸਪਤਾਲ ਦੇ ਮਾਲਕ ਡਾ. ਨਰਿੰਦਰ ਸ਼ਰਮਾ ਨੂੰ ਕਥਿਤ ਤੌਰ ’ਤੇ ਧਮਕੀ ਦਿੱਤੀ ਗਈ ਸੀ।
ਪੁਲਿਸ ਨੇ ਦੱਸਿਆ ਕਿ ਕਾਰਵਾਈ ਦੌਰਾਨ ਇੱਕ ਮਹਿੰਦਰਾ ਥਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਵਿੱਚ ਸਵਾਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਦੋਵੇਂ ਸ਼ੱਕੀ ਮੌਕੇ ਤੋਂ ਭੱਜਣ ਲੱਗੇ। ਪੁਲਿਸ ਮੁਤਾਬਕ ਉਨ੍ਹਾਂ ਨੇ ਪੁਲਿਸ ਟੀਮ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ।
ਪੁਲਿਸ ਅਨੁਸਾਰ ਦੋਵੇਂ ਸ਼ੱਕੀ ਜ਼ਖ਼ਮੀ ਹੋਏ। ਉਨ੍ਹਾਂ ਦੀ ਪਛਾਣ 19 ਸਾਲਾ ਸਮੀਰ ਅਤੇ ਇੱਕ ਨਾਬਾਲਗ ਵਜੋਂ ਦੱਸੀ ਗਈ ਹੈ। ਦੋਵਾਂ ਨੂੰ ਇਲਾਜ ਲਈ ਆਰਟੀਆਰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਉਨ੍ਹਾਂ ਕੋਲੋਂ ਦੋ ਗਲੌਕ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।





