26 ਅਗਸਤ ਨੂੰ ਚਵਿੰਡਾ ਦੇਵੀ ਪਹੁੰਚਣਗੇ CM ਭਗਵੰਤ ਮਾਨ, ਮਜੀਠਾ ਹਲਕੇ ਦੇ ਵਿਕਾਸ ਲਈ ਜਾਰੀ ਕਰਨਗੇ ਗ੍ਰਾਂਟਾਂ

Top Trending News ਪੰਜਾਬ

 

26 ਅਗਸਤ ਨੂੰ ਚਵਿੰਡਾ ਦੇਵੀ ਪਹੁੰਚਣਗੇ CM ਭਗਵੰਤ ਮਾਨ, ਮਜੀਠਾ ਹਲਕੇ ਦੇ ਵਿਕਾਸ ਲਈ ਜਾਰੀ ਕਰਨਗੇ ਗ੍ਰਾਂਟਾਂ

ਮਜੀਠਾ, 22 ਅਗਸਤ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 26 ਅਗਸਤ ਨੂੰ ਮਜੀਠਾ ਹਲਕੇ ਦੇ ਇਤਿਹਾਸਕ ਪਿੰਡ ਚਵਿੰਡਾ ਦੇਵੀ ਵਿਖੇ ਹੋਣ ਵਾਲੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਚਵਿੰਡਾ ਦੇਵੀ ਪਹੁੰਚ ਕੇ ਰੈਲੀ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ।

ਇਸ ਮੌਕੇ ਪਿੰਡ ਦੀ ਸਰਪੰਚ ਪਰਮਜੀਤ ਕੌਰ ਚਵਿੰਡਾ ਦੇਵੀ ਸਮੇਤ ਇਲਾਕੇ ਦੇ ਮੋਹਤਬਰਾਂ, ਸਰਪੰਚਾਂ, ਪੰਚਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨਾਲ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 26 ਅਗਸਤ, ਬੁੱਧਵਾਰ ਨੂੰ ਚਵਿੰਡਾ ਦੇਵੀ ਦੇ ਖੇਡ ਸਟੇਡੀਅਮ ਵਿਖੇ ਪਹੁੰਚਣਗੇ। ਉਨ੍ਹਾਂ ਦੇ ਸਵਾਗਤ ਲਈ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਭ ਤੋਂ ਪਹਿਲਾਂ ਮਾਤਾ ਚਵਿੰਡਾ ਦੇਵੀ ਮੰਦਰ ਵਿਖੇ ਨਤਮਸਤਕ ਹੋਣਗੇ। ਇਸ ਤੋਂ ਬਾਅਦ ਖੇਡ ਸਟੇਡੀਅਮ ਵਿੱਚ ਮਜੀਠਾ ਹਲਕੇ ਦੇ ਲੋਕਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਮੌਕੇ ਹਲਕੇ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਗ੍ਰਾਂਟਾਂ ਜਾਰੀ ਕੀਤੇ ਜਾਣ ਦੀ ਵੀ ਉਮੀਦ ਹੈ।