ਵੱਡੀ ਖ਼ਬਰ: ਤਰਨਤਾਰਨ ’ਚ ਨੌਜਵਾਨ ਦਾ ਦਿਨ-ਦਿਹਾੜੇ ਕਤਲ

Top Trending News ਪੰਜਾਬ

  • ਵੱਡੀ ਖ਼ਬਰ: ਤਰਨਤਾਰਨ ’ਚ ਨੌਜਵਾਨ ਦਾ ਦਿਨ-ਦਿਹਾੜੇ ਕਤਲ

ਤਰਨਤਾਰਨ, 30 ਅਗਸਤ (ਦੇਸ਼ ਕਲਿੱਕ ਬਿਊਰੋ): ਤਰਨਤਾਰਨ ਵਿੱਚ ਐਤਵਾਰ ਨੂੰ ਬੱਸ ਸਟੈਂਡ ਨੇੜੇ 20 ਸਾਲਾ ਨੌਜਵਾਨ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਿੰਡ ਕੱਦ ਗਿੱਲ ਵਾਸੀ ਜਗਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਜੋਂ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਕਤਲ ਦਾ ਕਾਰਨ ਪ੍ਰੇਮ ਸਬੰਧ ਦੱਸਿਆ ਜਾ ਰਿਹਾ ਹੈ। ਜਗਜੀਤ ਸਿੰਘ ਡੀਜੇ ਦਾ ਕੰਮ ਕਰਦਾ ਸੀ।

ਜਾਣਕਾਰੀ ਮੁਤਾਬਕ ਕਰੀਬ ਇੱਕ ਮਹੀਨਾ ਪਹਿਲਾਂ ਜਗਜੀਤ ਸਿੰਘ ’ਤੇ ਪਿੰਡ ਨਾਰੰਗਾਬਾਦ ਦੀ ਇੱਕ ਨੌਜਵਾਨ ਲੜਕੀ ਨੂੰ ਉਸਦੇ ਘਰੋਂ ਅਗਵਾ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਦੋਵੇਂ ਇਕੱਠੇ ਰਹਿ ਰਹੇ ਸਨ। ਦੱਸਿਆ ਗਿਆ ਕਿ ਐਤਵਾਰ ਨੂੰ ਲੜਕੀ ਦੀ ਮਾਂ ਉਨ੍ਹਾਂ ਨੂੰ ਮਿਲਣ ਆਈ ਸੀ। ਮੁਲਾਕਾਤ ਤੋਂ ਬਾਅਦ ਜਗਜੀਤ ਸਿੰਘ ਉਸਨੂੰ ਮੋਟਰਸਾਈਕਲ ’ਤੇ ਤਰਨਤਾਰਨ ਬੱਸ ਸਟੈਂਡ ਛੱਡਣ ਜਾ ਰਿਹਾ ਸੀ। ਜਿਵੇਂ ਹੀ ਦੋਵੇਂ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਕੁਝ ਹਮਲਾਵਰਾਂ ਨੇ ਜਗਜੀਤ ਸਿੰਘ ਨੂੰ ਘੇਰ ਲਿਆ। ਹਮਲਾਵਰਾਂ ਨੇ ਚਾਕੂ ਅਤੇ ਕੁਹਾੜੀ ਨਾਲ ਉਸ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪਰਿਵਾਰ ਨੇ ਕੁੜੀ ਦੇ ਭਰਾਵਾਂ ’ਤੇ ਲਾਏ ਦੋਸ਼
ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਜਗਜੀਤ ਸਿੰਘ ਦਾ ਕਤਲ ਲੜਕੀ ਦੇ ਭਰਾਵਾਂ ਵੱਲੋਂ ਕੀਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਤਰਨਤਾਰਨ ਸਿਟੀ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਕਤਲ ਦੇ ਪੂਰੇ ਕਾਰਨਾਂ ਅਤੇ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।