Breaking: ਹਰਿਆਣਵੀ ਗਾਇਕ ਅੰਕਿਤ ਬਾਲਿਆਨ ਕਤਲ ਮਾਮਲੇ ’ਚ ਵੱਡੀ ਕਾਰਵਾਈ, ਮੁਕਾਬਲੇ ਦੌਰਾਨ ਦੋ ਸ਼ੂਟਰ ਢੇਰ
ਸ਼ਾਮਲੀ, 31 ਅਗਸਤ 2026
ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲਿਆਨ ਦੇ ਕਤਲ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਅਤੇ ਐੱਸਟੀਐੱਫ ਨੇ ਸੋਮਵਾਰ ਸਵੇਰੇ ਵੱਡੀ ਕਾਰਵਾਈ ਕੀਤੀ। ਸ਼ਾਮਲੀ ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਅੰਕਿਤ ਬਾਲਿਆਨ ਕਤਲਕਾਂਡ ਨਾਲ ਸਬੰਧਤ ਦੱਸੇ ਜਾ ਰਹੇ ਦੋ ਸ਼ੱਕੀ ਸ਼ੂਟਰ ਮਾਰੇ ਗਏ। ਪੁਲਿਸ ਮੁਤਾਬਕ ਮਾਰੇ ਗਏ ਬਦਮਾਸ਼ਾਂ ਦੀ ਪਛਾਣ ਮੋਹਿਤ ਅਤੇ ਸੁਮਿਤ ਵਜੋਂ ਹੋਈ ਹੈ। ਦੋਵਾਂ ’ਤੇ ਅੰਕਿਤ ਬਾਲਿਆਨ ਦੀ ਹੱਤਿਆ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਸਨ।
ਸ਼ਾਮਲੀ ਦੇ ਐੱਸਪੀ ਐੱਨ.ਪੀ. ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਤੜਕੇ ਕਰੀਬ 4 ਵਜੇ ਸੂਚਨਾ ਮਿਲੀ ਸੀ ਕਿ ਅੰਕਿਤ ਬਾਲਿਆਨ ਕਤਲ ਮਾਮਲੇ ਦੇ ਦੋ ਸ਼ੂਟਰ ਸ਼ਾਮਲੀ ਵੱਲ ਆ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੂੰ ਸਰਗਰਮ ਕਰ ਦਿੱਤਾ ਗਿਆ।
ਪੁਲਿਸ ਮੁਤਾਬਕ ਦੋਵੇਂ ਸ਼ੱਕੀ ਪੁਲਿਸ ਨੂੰ ਚਕਮਾ ਦੇ ਕੇ ਮੰਨਾ ਮਾਜਰਾ ਵੱਲ ਭੱਜਣ ਲੱਗੇ। ਇਸ ਦੌਰਾਨ ਹੋਟਲ ਰਾਜਮਹਿਲ ਨੇੜੇ ਉਨ੍ਹਾਂ ਨੇ ਪੁਲਿਸ ਟੀਮ ’ਤੇ ਗੋਲੀਬਾਰੀ ਕਰ ਦਿੱਤੀ। ਗੋਲੀ ਪੁਲਿਸ ਦੀ ਗੱਡੀ ਨੂੰ ਵੀ ਲੱਗੀ, ਜਦਕਿ ਦੋ ਪੁਲਿਸ ਮੁਲਾਜ਼ਮ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ। ਇਸ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਦੋਵੇਂ ਸ਼ੱਕੀ ਸ਼ੂਟਰ ਮਾਰੇ ਗਏ।






