ਮੁਲਾਜ਼ਮਾਂ ਲਈ ਵੱਡੀ ਖ਼ਬਰ: DA ‘ਚ 4% ਤੱਕ ਵਾਧੇ ਦੀ ਸੰਭਾਵਨਾ
ਨਵੀਂ ਦਿੱਲੀ 2 ਸਤੰਬਰ 2026
ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਸਬੰਧੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। 1 ਜੁਲਾਈ 2026 ਤੋਂ ਲਾਗੂ ਹੋਣ ਵਾਲੇ ਅਗਲੇ ਵਾਧੇ ਵਿੱਚ ਮਹਿੰਗਾਈ ਭੱਤਾ 3 ਤੋਂ 4 ਫ਼ੀਸਦੀ ਤੱਕ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਾਧੇ ਤੋਂ ਬਾਅਦ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 63 ਜਾਂ 64 ਫ਼ੀਸਦੀ ਤੱਕ ਪਹੁੰਚ ਸਕਦਾ ਹੈ।
ਵਿੱਤ ਮੰਤਰਾਲੇ ਨੇ ਅਪ੍ਰੈਲ 2026 ਵਿੱਚ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿੱਚ 2 ਫ਼ੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ। ਇਹ ਵਾਧਾ 1 ਜਨਵਰੀ 2026 ਤੋਂ ਲਾਗੂ ਹੋਇਆ, ਜਿਸ ਨਾਲ ਮਹਿੰਗਾਈ ਭੱਤਾ 58 ਤੋਂ ਵਧ ਕੇ 60 ਫ਼ੀਸਦੀ ਹੋ ਗਿਆ ਸੀ।
ਹੁਣ ਅਗਲੇ ਵਾਧੇ ਲਈ ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ, ਉਦਯੋਗਿਕ ਮਜ਼ਦੂਰ (AICPI-IW) ਦੇ ਅੰਕੜਿਆਂ ਨੂੰ ਆਧਾਰ ਬਣਾਇਆ ਜਾਵੇਗਾ। ਜੁਲਾਈ 2026 ਵਿੱਚ ਇਹ ਸੂਚਕ ਅੰਕ 1.3 ਅੰਕ ਵਧ ਕੇ 153.2 ਅੰਕ ਦਰਜ ਕੀਤਾ ਗਿਆ। ਹਾਲਾਂਕਿ ਅੰਤਿਮ ਵਾਧਾ ਪਿਛਲੇ 12 ਮਹੀਨਿਆਂ ਦੇ ਸੂਚਕ ਅੰਕ ਦੇ ਔਸਤ ਅਤੇ ਸਰਕਾਰੀ ਗਣਨਾ ਦੇ ਆਧਾਰ ’ਤੇ ਤੈਅ ਹੋਵੇਗਾ।






