ਨਾਜਾਇਜ਼ ਮਾਇਨਿੰਗ ਦਾ ਮਾਮਲਾ ਭਖਿਆ, ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ RSS ਆਗੂ ਦੀ ਮੌਤ

Top Trending News ਰਾਸ਼ਟਰੀ

 

ਨਾਜਾਇਜ਼ ਮਾਇਨਿੰਗ ਦਾ ਮਾਮਲਾ ਭਖਿਆ, ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ RSS ਆਗੂ ਦੀ ਮੌਤ

ਹਾਪੁੜ 2 ਸਤੰਬਰ 2026

ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿੱਚ ਨਾਜਾਇਜ਼ ਮਿੱਟੀ ਖਣਨ ਨੂੰ ਲੈ ਕੇ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਹਾਫਿਜ਼ਪੁਰ ਥਾਣਾ ਖੇਤਰ ਦੇ ਪਿੰਡ ਮਹਿਮੂਦਪੁਰ ਵਿੱਚ ਮਿੱਟੀ ਨਾਲ ਭਰੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਕਿਸਾਨ ਅਤੇ ਰਾਸ਼ਟਰੀ ਸਵੈਮਸੇਵਕ ਸੰਘ (RSS) ਆਗੂ ਸਤੀਸ਼ ਕੁਮਾਰ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ ਸੋਮਵਾਰ ਦੇਰ ਸ਼ਾਮ ਆਪਣੇ ਘਰ ਦੇ ਬਾਹਰ ਖੜ੍ਹੇ ਸਨ। ਇਸੇ ਦੌਰਾਨ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਟੱਕਰ ਤੋਂ ਬਾਅਦ ਚਾਲਕ ਨੇ ਵਾਹਨ ਰੋਕਣ ਦੀ ਬਜਾਏ ਰਫ਼ਤਾਰ ਵਧਾ ਦਿੱਤੀ ਅਤੇ ਸਤੀਸ਼ ਨੂੰ ਕਰੀਬ 30 ਤੋਂ 35 ਮੀਟਰ ਤੱਕ ਘਸੀਟਿਆ ਗਿਆ। ਪਿੱਛਾ ਕੀਤੇ ਜਾਣ ਦੌਰਾਨ ਟਰੈਕਟਰ-ਟਰਾਲੀ ਸੜਕ ਕਿਨਾਰੇ ਟੋਏ ਵਿੱਚ ਪਲਟ ਗਈ।

ਹਾਦਸੇ ਵਿੱਚ ਚਾਲਕ ਕਲੀਮ ਵੀ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਸਤੀਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪਰਿਵਾਰ ਨੇ ਨਾਜਾਇਜ਼ ਖਣਨ ਕਰਨ ਵਾਲਿਆਂ ’ਤੇ ਪੁਰਾਣੀ ਰੰਜਿਸ਼ ਤਹਿਤ ਸਤੀਸ਼ ਦੀ ਜਾਣਬੁੱਝ ਕੇ ਹੱਤਿਆ ਕਰਨ ਦੇ ਦੋਸ਼ ਲਗਾਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਿੰਡ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।