ਵੱਡੀ ਖ਼ਬਰ: ਮੋਹਾਲੀ ’ਚ ASI ਦੀ ਗੋਲੀ ਲੱਗਣ ਨਾਲ ਮੌਤ

Top Trending News ਪੰਜਾਬ

 

ਵੱਡੀ ਖ਼ਬਰ: ਮੋਹਾਲੀ ’ਚ ASI ਦੀ ਗੋਲੀ ਲੱਗਣ ਨਾਲ ਮੌਤ

ਮੋਹਾਲੀ/ਚੰਡੀਗੜ੍ਹ, 2 ਸਤੰਬਰ 2026: ਮੋਹਾਲੀ ਦੇ ਸੈਕਟਰ-80 ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਸੀਨੀਅਰ ਅਧਿਕਾਰੀ ਦੀ ਸੁਰੱਖਿਆ ਵਿੱਚ ਤੈਨਾਤ ਗਨਮੈਨ ਏ.ਐੱਸ.ਆਈ. ਓਂਕਾਰ ਸਿੰਘ ਦੀ ਸਰਕਾਰੀ ਪਿਸਤੌਲ ਤੋਂ ਚੱਲੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਸੂਤਰਾਂ ਅਨੁਸਾਰ ਓਂਕਾਰ ਸਿੰਘ ਦੇ ਸਿਰ ਅਤੇ ਸਰੀਰ ’ਤੇ 4 ਤੋਂ 5 ਗੋਲੀਆਂ ਲੱਗੀਆਂ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਦੇਹ ਨੂੰ ਮੋਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿਖੇ ਰਖਵਾਇਆ ਗਿਆ ਹੈ। ਮੁੱਢਲੀ ਜਾਂਚ ਦੇ ਆਧਾਰ ’ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਵਿੱਚ ਕਿਸੇ ਹੋਰ ਵਿਅਕਤੀ ਦੇ ਸ਼ਾਮਲ ਹੋਣ ਦੇ ਸਬੂਤ ਨਹੀਂ ਮਿਲੇ ਅਤੇ ਮਾਮਲਾ ਪਹਿਲੀ ਨਜ਼ਰ ਵਿੱਚ ਹਾਦਸਾਗ੍ਰਸਤ ਗੋਲੀ ਚੱਲਣ ਦਾ ਜਾਪਦਾ ਹੈ। ਪੁਲਿਸ ਵੱਲੋਂ ਕ੍ਰਾਈਮ ਸੀਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ, ਇਸ ਘਟਨਾ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਹਸਪਤਾਲ ਦੇ ਬਾਹਰ ਮੌਜੂਦ ਓਂਕਾਰ ਸਿੰਘ ਦੀ ਪਤਨੀ ਅਤੇ ਧੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰ ਨੇ ਪੁਲਿਸ ਵੱਲੋਂ ਇਸ ਨੂੰ ‘ਐਕਸੀਡੈਂਟਲ ਫਾਇਰ’ ਦੱਸੇ ਜਾਣ ’ਤੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਇਹ ਸਿਰਫ਼ ਹਾਦਸਾ ਸੀ ਤਾਂ ਇੱਕ ਵਿਅਕਤੀ ਨੂੰ 4 ਤੋਂ 5 ਗੋਲੀਆਂ ਕਿਵੇਂ ਲੱਗੀਆਂ।

ਪਰਿਵਾਰਕ ਮੈਂਬਰਾਂ ਮੁਤਾਬਕ ਓਂਕਾਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਡਿਊਟੀ ਨੂੰ ਲੈ ਕੇ ਕਾਫ਼ੀ ਮਾਨਸਿਕ ਤਣਾਅ ਅਤੇ ਪਰੇਸ਼ਾਨੀ ਵਿੱਚ ਸਨ। ਉਨ੍ਹਾਂ ਇੱਕ ਮਹੀਨੇ ਦੀ ਛੁੱਟੀ ਦੀ ਮੰਗ ਵੀ ਕੀਤੀ ਸੀ, ਪਰ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਛੁੱਟੀ ਨਹੀਂ ਮਿਲ ਰਹੀ ਸੀ। ਉਹ ਮੌਜੂਦਾ ਤੈਨਾਤੀ ਤੋਂ ਵੀ ਖੁਸ਼ ਨਹੀਂ ਸਨ ਅਤੇ ਆਪਣੇ ਆਰਡਰ ਨਵਾਂਸ਼ਹਿਰ ਜਾਂ ਕਿਸੇ ਹੋਰ ਥਾਂ ਤਬਦੀਲ ਕਰਵਾਉਣਾ ਚਾਹੁੰਦੇ ਸਨ।

ਪਰਿਵਾਰ ਮੁਤਾਬਕ, ਘਟਨਾ ਤੋਂ ਇੱਕ ਦਿਨ ਪਹਿਲਾਂ ਓਂਕਾਰ ਸਿੰਘ ਦੀ ਛੁੱਟੀ ਸੀ, ਪਰ ਐਮਰਜੈਂਸੀ ਫੋਨ ਆਉਣ ਕਾਰਨ ਉਨ੍ਹਾਂ ਨੂੰ ਅਚਾਨਕ ਡਿਊਟੀ ’ਤੇ ਬੁਲਾਇਆ ਗਿਆ। ਇਸ ਤੋਂ ਬਾਅਦ ਇਹ ਘਟਨਾ ਵਾਪਰ ਗਈ। ਫਿਲਹਾਲ ਪੁਲਿਸ ਵੱਲੋਂ ਫੋਰੈਂਸਿਕ ਟੀਮ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਅਤੇ ਗੋਲੀ ਚੱਲਣ ਦੀ ਸਥਿਤੀ ਸਬੰਧੀ ਸਪੱਸ਼ਟਤਾ ਪੋਸਟਮਾਰਟਮ ਅਤੇ ਫੋਰੈਂਸਿਕ ਜਾਂਚ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਹੋ ਸਕੇਗੀ। ਉਦੋਂ ਤੱਕ ਇਹ ਸਪੱਸ਼ਟ ਨਹੀਂ ਕਿ ਮਾਮਲਾ ਮਹਿਜ਼ ਹਾਦਸਾ ਸੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ।