- 13 ਦਿਨਾਂ ’ਚ ਦੱਖਣੀ ਭਾਰਤ ਦੇ 5 ਤੀਰਥਾਂ ਦੇ ਦਰਸ਼ਨ, ਜੰਮੂ ਤੋਂ ਚੱਲੇਗੀ ‘ਭਾਰਤ ਗੌਰਵ’ ਟ੍ਰੇਨ
- ਚੰਡੀਗੜ੍ਹ ਸਮੇਤ ਪੰਜਾਬ ਦੇ 5 ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ
- IRCTC ਨੇ ਜਾਰੀ ਕੀਤਾ ਟੂਰ ਪੈਕੇਜ
ਚੰਡੀਗੜ੍ਹ, 3 ਸਤੰਬਰ (ਦੇਸ਼ ਕਲਿੱਕ ਬਿਊਰੋ): : ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (IRCTC) ਵੱਲੋਂ ਸ਼ਰਧਾਲੂਆਂ ਲਈ ਦੱਖਣੀ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੀ ਯਾਤਰਾ ਲਈ ‘ਭਾਰਤ ਗੌਰਵ ਸਪੈਸ਼ਲ ਟੂਰਿਸਟ ਟ੍ਰੇਨ’ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਵਿਸ਼ੇਸ਼ ਟ੍ਰੇਨ 14 ਨਵੰਬਰ ਨੂੰ ਜੰਮੂ ਤੋਂ ਰਵਾਨਾ ਹੋਵੇਗੀ ਅਤੇ 26 ਨਵੰਬਰ ਨੂੰ ਵਾਪਸ ਪਹੁੰਚੇਗੀ। ਇਸ 12 ਰਾਤਾਂ ਅਤੇ 13 ਦਿਨਾਂ ਦੀ ਯਾਤਰਾ ਦੌਰਾਨ ਸ਼ਰਧਾਲੂ ਇੱਕੋ ਟੂਰ ਵਿੱਚ ਦੱਖਣੀ ਭਾਰਤ ਦੇ ਕਈ ਪ੍ਰਸਿੱਧ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਯਾਤਰਾ ਦੌਰਾਨ ਧਾਰਮਿਕ ਸਥਾਨਾਂ ਦੇ ਨਾਲ-ਨਾਲ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੀ ਨੇੜਿਓਂ ਦੇਖਣ ਦਾ ਮੌਕਾ ਮਿਲੇਗਾ।
5 ਪ੍ਰਮੁੱਖ ਧਾਰਮਿਕ ਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ
13 ਦਿਨਾਂ ਦੀ ਇਸ ਯਾਤਰਾ ਵਿੱਚ ਸ਼ਰਧਾਲੂਆਂ ਨੂੰ ਰਾਮੇਸ਼ਵਰਮ ਸਥਿਤ ਸ਼੍ਰੀ ਰਾਮਨਾਥਸਵਾਮੀ ਮੰਦਰ, ਮਦੁਰੈ ਦੇ ਪ੍ਰਸਿੱਧ ਮੀਨਾਕਸ਼ੀ ਮੰਦਰ, ਕੰਨਿਆਕੁਮਾਰੀ ਅਤੇ ਆਸ-ਪਾਸ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਤੋਂ ਇਲਾਵਾ ਤਿਰੁਪਤੀ ਦੇ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਅਤੇ ਮਾਰਕਾਪੁਰ ਸਥਿਤ ਮੱਲਿਕਾਰਜੁਨ ਜੋਤਿਰਲਿੰਗ ਮੰਦਰ ਵੀ ਯਾਤਰਾ ਦਾ ਹਿੱਸਾ ਹੋਣਗੇ।
ਤਿੰਨ ਸ਼੍ਰੇਣੀਆਂ ’ਚ ਕਰਵਾ ਸਕਦੇ ਹੋ ਬੁਕਿੰਗ
ਯਾਤਰੀ ਆਪਣੀ ਸਹੂਲਤ ਮੁਤਾਬਕ SL (ਇਕਾਨਮੀ), 3AC (ਸਟੈਂਡਰਡ) ਅਤੇ 2AC (ਕੰਫਰਟ) ਸ਼੍ਰੇਣੀ ਵਿੱਚ ਟਿਕਟ ਬੁੱਕ ਕਰਵਾ ਸਕਣਗੇ। ਸੀਟਾਂ ਦੀ ਬੁਕਿੰਗ IRCTC ਦੀ ਟੂਰਿਜ਼ਮ ਵੈੱਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ।
ਪੰਜਾਬ ਸਮੇਤ 17 ਸਟੇਸ਼ਨਾਂ ’ਤੇ ਰੁਕੇਗੀ ਟ੍ਰੇਨ
ਯਾਤਰੀਆਂ ਦੀ ਸਹੂਲਤ ਲਈ ਟ੍ਰੇਨ ਵਿੱਚ ਬੋਰਡਿੰਗ ਅਤੇ ਡੀ-ਬੋਰਡਿੰਗ ਲਈ ਕੁੱਲ 17 ਸਟੇਸ਼ਨ ਨਿਰਧਾਰਤ ਕੀਤੇ ਗਏ ਹਨ। ਜੰਮੂ ਤੋਂ ਬਾਅਦ ਟ੍ਰੇਨ ਪਠਾਨਕੋਟ ਜੰਕਸ਼ਨ, ਅੰਮ੍ਰਿਤਸਰ ਜੰਕਸ਼ਨ, ਜਲੰਧਰ ਸਿਟੀ, ਲੁਧਿਆਣਾ ਜੰਕਸ਼ਨ, SAS ਨਗਰ ਮੋਹਾਲੀ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ ਜੰਕਸ਼ਨ, ਕਰਨਾਲ, ਪਾਣੀਪਤ ਜੰਕਸ਼ਨ, ਸੋਨੀਪਤ ਜੰਕਸ਼ਨ, ਦਿੱਲੀ ਸਫਦਰਜੰਗ, ਮਥੁਰਾ ਜੰਕਸ਼ਨ, ਆਗਰਾ ਕੈਂਟ, ਗਵਾਲੀਅਰ ਜੰਕਸ਼ਨ ਅਤੇ ਵੀਰਾਂਗਨਾ ਲਕਸ਼ਮੀਬਾਈ (ਝਾਂਸੀ) ਸਟੇਸ਼ਨਾਂ ’ਤੇ ਠਹਿਰੇਗੀ।
ਇਸ ਯਾਤਰਾ ਰਾਹੀਂ ਸ਼ਰਧਾਲੂ ਆਰਾਮਦਾਇਕ ਰੇਲ ਸਫ਼ਰ ਦੇ ਨਾਲ ਦੱਖਣੀ ਭਾਰਤ ਦੇ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ।







