- ਵਰੁਣ ਸ਼ਰਮਾ ਨੇ ਸੰਭਾਲਿਆ ਜ਼ਿਲ੍ਹਾ SAS ਨਗਰ ਦੇ SSP ਦਾ ਅਹੁਦਾ, ਕਿਹਾ – ਗੈਂਗਸਟਰਾਂ, ਫਿਰੌਤੀ ਅਤੇ ਸੰਗਠਿਤ ਅਪਰਾਧ ਵਿਰੁੱਧ ਜ਼ੀਰੋ ਟਾਲਰੈਂਸ
- ਨਾਗਰਿਕ-ਕੇਂਦਰਿਤ ਪੁਲਿਸਿੰਗ ਨੂੰ ਦਿੱਤੀ ਜਾਵੇਗੀ ਤਰਜੀਹ: ਐਸ ਐਸ ਪੀ ਵਰੁਣ ਸ਼ਰਮਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਸਤੰਬਰ (ਦੇਸ਼ ਕਲਿੱਕ ਬਿਊਰੋ): ਵਰੁਣ ਸ਼ਰਮਾ, ਆਈ ਪੀ ਐਸ ਨੇ ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਐਸ ਐਸ ਪੀ ਵਜੋਂ ਅਧਿਕਾਰਤ ਤੌਰ ’ਤੇ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਉਪਰੰਤ ਆਪਣੀ ਪਹਿਲੀ ਮੀਡੀਆ ਬ੍ਰੀਫਿੰਗ ਦੌਰਾਨ ਐਸ ਐਸ ਪੀ ਵਰੁਣ ਸ਼ਰਮਾ ਨੇ ਆਪਣੀਆਂ ਪ੍ਰਮੁੱਖ ਤਰਜੀਹਾਂ ਬਾਰੇ ਜਾਣਕਾਰੀ ਦਿੰਦਿਆਂ ਨਾਗਰਿਕਾਂ ਦੀ ਸੁਰੱਖਿਆ, ਸੰਗਠਿਤ ਅਪਰਾਧ ਦੇ ਖਾਤਮੇ ਅਤੇ ਲੋਕਾਂ ਲਈ ਸੁਲਭ ਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਇਆ।
ਐਸ ਐਸ ਪੀ ਸ਼ਰਮਾ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਉਂਦਿਆਂ ਜ਼ਿਲ੍ਹਾ ਪੁਲਿਸ ਦੀ ਕਮਾਨ ਸੌਂਪਣ ਅਤੇ ਖੇਤਰ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਾ ਰਸਮੀ ਧੰਨਵਾਦ ਕੀਤਾ।
ਆਪਣੀਆਂ ਪ੍ਰਮੁੱਖ ਤਰਜੀਹਾਂ ਬਾਰੇ ਜਾਣਕਾਰੀ ਦਿੰਦਿਆਂ ਐਸ ਐਸ ਪੀ ਨੇ ਕਿਹਾ ਕਿ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਗਠਿਤ ਅਪਰਾਧ, ਫਿਰੌਤੀ ਦੇ ਰੈਕੇਟ ਅਤੇ ਗੈਂਗਸਟਰ ਨੈੱਟਵਰਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਸਟਰੀਟ ਕ੍ਰਾਈਮ ਨੂੰ ਰੋਕਣ ਅਤੇ ਚੌਕਸੀ ਨੂੰ ਹੋਰ ਮਜ਼ਬੂਤ ਕਰਨ ਲਈ ਮੋਹਾਲੀ ਪੁਲਿਸ ਵੱਲੋਂ ਰਾਤ ਸਮੇਂ ਡੋਮੀਨੇਸ਼ਨ ਆਪ੍ਰੇਸ਼ਨਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਰਣਨੀਤਕ ਤੌਰ ’ਤੇ ਸਥਾਈ ਅਤੇ ਮੋਬਾਈਲ ਨਾਕਾਬੰਦੀਆਂ ਲਗਾਈਆਂ ਜਾਣਗੀਆਂ ਅਤੇ ਝਗੜਿਆਂ ਜਾਂ ਹੋਰ ਐਮਰਜੈਂਸੀ ਸਥਿਤੀਆਂ ਦੌਰਾਨ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਡਾਇਲ-112 ਐਮਰਜੈਂਸੀ ਰਿਸਪਾਂਸ ਵਾਹਨਾਂ (ਈ ਆਰ ਵੀਜ਼) ਦੀ ਦਿੱਖ ਅਤੇ ਮੌਜੂਦਗੀ ਵਧਾਈ ਜਾਵੇਗੀ।
ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਲਈ ਹੋਰ ਸੁਲਭ ਬਣਾਉਣ ’ਤੇ ਜ਼ੋਰ ਦਿੰਦਿਆਂ ਐਸ ਐਸ ਪੀ ਵਰੁਣ ਸ਼ਰਮਾ ਨੇ ਕਿਹਾ ਕਿ ਉਹ ਨਿਰਧਾਰਤ ਦਫ਼ਤਰੀ ਸਮੇਂ ਦੌਰਾਨ ਨਿੱਜੀ ਤੌਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣਨਗੇ। ਉਨ੍ਹਾਂ ਲੋਕਾਂ ਨੂੰ ਨਸ਼ਾ ਤਸਕਰਾਂ, ਅਪਰਾਧਿਕ ਅਨਸਰਾਂ, ਸਾਈਬਰ ਧੋਖਾਧੜੀ ਅਤੇ ਘਰੇਲੂ ਹਿੰਸਾ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।
ਭਾਈਚਾਰਕ ਭਾਗੀਦਾਰੀ ਅਤੇ ਲੋਕਾਂ ਵਿੱਚ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਾਰਕੀਟ ਐਸੋਸੀਏਸ਼ਨਾਂ, ਟਰੇਡਰ ਐਸੋਸੀਏਸ਼ਨਾਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰ ਡਬਲਿਊ ਏਜ਼) ਨਾਲ ਸਰਗਰਮੀ ਨਾਲ ਸਾਂਝੇਦਾਰੀ ਕੀਤੀ ਜਾਵੇਗੀ ਤਾਂ ਜੋ ਜ਼ਮੀਨੀ ਪੱਧਰ ’ਤੇ ਸੁਰੱਖਿਆ ਅਤੇ ਪ੍ਰਸ਼ਾਸਨ ਨਾਲ ਸਬੰਧਤ ਮੁੱਦਿਆਂ ਦਾ ਪ੍ਰਭਾਵਸ਼ਾਲੀ ਹੱਲ ਕੀਤਾ ਜਾ ਸਕੇ।
ਟ੍ਰਾਈਸਿਟੀ ਖੇਤਰ ਵਿੱਚ ਮੋਹਾਲੀ ਦੀ ਮਹੱਤਵਪੂਰਨ ਸਥਿਤੀ ਦਾ ਜ਼ਿਕਰ ਕਰਦਿਆਂ ਐਸ ਐਸ ਪੀ ਨੇ ਕਿਹਾ ਕਿ ਕਿਸੇ ਵੀ ਧਰਨੇ ਜਾਂ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਮੁੱਖ ਤਰਜੀਹ ਪਹਿਲਾਂ ਤੋਂ ਪ੍ਰਭਾਵਸ਼ਾਲੀ ਟਰੈਫਿਕ ਪ੍ਰਬੰਧਨ ਨੂੰ ਯਕੀਨੀ ਬਣਾਉਣਾ ਹੋਵੇਗੀ, ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ ਅਤੇ ਐਂਬੂਲੈਂਸਾਂ, ਸਕੂਲ ਵਾਹਨਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਤੇ ਪੁਲਿਸ ਹੈੱਡਕੁਆਰਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਬਲ ਦੀ ਵਧੇਰੇ ਤਰਕਸੰਗਤ ਵਰਤੋਂ ਲਈ ਮਨੁੱਖੀ ਸਰੋਤਾਂ ਦਾ ਵਿਆਪਕ ਮੁਲਾਂਕਣ ਕੀਤਾ ਜਾਵੇਗਾ। ਗੈਰ-ਮੁੱਖ ਡਿਊਟੀਆਂ ’ਤੇ ਤਾਇਨਾਤ ਕਰਮਚਾਰੀਆਂ ਨੂੰ ਯੋਜਨਾਬੱਧ ਢੰਗ ਨਾਲ ਮੁੱਖ ਫਰੰਟਲਾਈਨ ਪੁਲਿਸਿੰਗ ਲਈ ਤਾਇਨਾਤ ਕਰਦਿਆਂ ਥਾਣਿਆਂ ਅਤੇ ਫੀਲਡ ਯੂਨਿਟਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਐਸ ਐਸ ਪੀ ਵਰੁਣ ਸ਼ਰਮਾ ਦੇ ਜ਼ਿਲ੍ਹਾ ਪੁਲਿਸ ਦੇ ਮੁੱਖ ਦਫ਼ਤਰ ਪਹੁੰਚਣ ’ਤੇ ਐਸ ਪੀ (ਸਿਟੀ) ਦਿਲਪ੍ਰੀਤ ਸਿੰਘ, ਐਸ ਪੀ (ਹੈੱਡਕੁਆਰਟਰ) ਨਵਰੀਤ ਸਿੰਘ ਵਿਰਕ ਅਤੇ ਐਸ ਪੀ (ਜਾਂਚ) ਸੌਰਵ ਜਿੰਦਲ ਸਮੇਤ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੁਲਿਸ ਟੁਕੜੀ ਵੱਲੋਂ ਉਨ੍ਹਾਂ ਨੂੰ ਰਵਾਇਤੀ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।







