ਇਜ਼ਰਾਈਲ ਨੇ ਲੇਬਨਾਨ ’ਚ ਹਿਜ਼ਬੁੱਲਾਹ ਦੀ 2 ਕਿਲੋਮੀਟਰ ਤੋਂ ਵੱਧ ਲੰਬੀ ਸੁਰੰਗ ਉਡਾਈ

Top Trending News ਕੌਮਾਂਤਰੀ

  • ਇਜ਼ਰਾਈਲ ਨੇ ਲੇਬਨਾਨ ’ਚ ਹਿਜ਼ਬੁੱਲਾਹ ਦੀ 2 ਕਿਲੋਮੀਟਰ ਤੋਂ ਵੱਧ ਲੰਬੀ ਸੁਰੰਗ ਉਡਾਈ
  • ਕਰੀਬ 1100 ਟਨ ਵਿਸਫੋਟਕ ਵਰਤਣ ਦਾ ਦਾਅਵਾ
  • ਧਮਾਕੇ ਤੋਂ ਬਾਅਦ 4.1 ਤੀਬਰਤਾ ਵਰਗੇ ਭੂਚਾਲ ਦੇ ਝਟਕੇ ਮਹਿਸੂਸ ਹੋਏ
  • ਨੇਤਨਯਾਹੂ ਬੋਲੇ- ‘ਮਿਸ਼ਨ ਪੂਰਾ, ਹੈਪੀ ਨਿਊ ਈਅਰ’

ਨਵੀਂ ਦਿੱਲੀ; 11 ਸਤੰਬਰ (ਦੇਸ਼ ਕਲਿੱਕ ਬਿਊਰੋ): ਇਜ਼ਰਾਈਲ ਨੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾਹ ਦੀ 2 ਕਿਲੋਮੀਟਰ ਤੋਂ ਵੱਧ ਲੰਬੀ ਸੁਰੰਗ ਨੂੰ ਧਮਾਕੇ ਨਾਲ ਤਬਾਹ ਕਰ ਦਿੱਤਾ। ਇਜ਼ਰਾਈਲੀ ਫੌਜ ਮੁਤਾਬਕ ਸੁਰੰਗ ਨੂੰ ਉਡਾਉਣ ਲਈ ਕਰੀਬ 1100 ਟਨ ਵਿਸਫੋਟਕ ਵਰਤਿਆ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਇਲਾਕਿਆਂ ਵਿੱਚ 4.1 ਤੀਬਰਤਾ ਦੇ ਭੂਚਾਲ ਵਰਗੇ ਝਟਕੇ ਮਹਿਸੂਸ ਕੀਤੇ ਗਏ। ਲੇਬਨਾਨ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਧਮਾਕੇ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜ਼ਮੀਨ ਹਿੱਲਣ ਲੱਗੀ। ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ, “ਮਿਸ਼ਨ ਪੂਰਾ ਹੋਇਆ। ਹੈਪੀ ਨਿਊ ਈਅਰ।”

ਸੁਰੰਗ ’ਚ ਰਾਕੇਟ, ਮਿਜ਼ਾਈਲਾਂ ਅਤੇ ਡਰੋਨ ਮਿਲਣ ਦਾ ਦਾਅਵਾ
ਇਜ਼ਰਾਈਲੀ ਫੌਜ ਦੇ ਮੁਤਾਬਕ ਸੁਰੰਗ ਵਿੱਚ ਈਰਾਨ ’ਚ ਬਣੇ ਕਈ ਰਾਕੇਟ, ਮਿਜ਼ਾਈਲਾਂ ਅਤੇ ਡਰੋਨ ਰੱਖੇ ਹੋਏ ਸਨ। ਇਸ ਤੋਂ ਇਲਾਵਾ ਮਸ਼ੀਨ ਗੰਨਾਂ, ਐਂਟੀ-ਟੈਂਕ ਮਿਜ਼ਾਈਲਾਂ ਅਤੇ ਸੈਂਕੜੇ ਬਾਰੂਦੀ ਸੁਰੰਗਾਂ ਤੇ ਹੋਰ ਵਿਸਫੋਟਕ ਵੀ ਮਿਲੇ। ਫੌਜ ਨੇ ਦਾਅਵਾ ਕੀਤਾ ਕਿ ਇਸ ਪੂਰੇ ਕੰਪਲੈਕਸ ਵਿੱਚ ਹਿਜ਼ਬੁੱਲਾਹ ਦੀ ‘ਬਦਰ’ ਯੂਨਿਟ ਦਾ ਕਮਾਂਡ ਸੈਂਟਰ ਵੀ ਮੌਜੂਦ ਸੀ।

IDF ਦੇ ਜਵਾਨ ਸੁਰੰਗ ਅੰਦਰ ਦਾਖ਼ਲ ਹੋਏ
ਇਜ਼ਰਾਈਲੀ ਫੌਜ (IDF) ਨੇ ਅਲੀ ਅਲ-ਤਾਹਿਰ ਪਹਾੜੀ ਦੇ ਹੇਠਾਂ ਬਣੇ ਹਿਜ਼ਬੁੱਲਾਹ ਦੇ ਸੁਰੰਗ ਨੈੱਟਵਰਕ ਦਾ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿੱਚ ਇਜ਼ਰਾਈਲੀ ਜਵਾਨ ਸੁਰੰਗਾਂ ਦੇ ਅੰਦਰ ਤਲਾਸ਼ੀ ਲੈਂਦੇ ਨਜ਼ਰ ਆ ਰਹੇ ਹਨ। IDF ਮੁਤਾਬਕ ਜੂਨ ਵਿੱਚ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਕਰੀਬ 50 ਹਿਜ਼ਬੁੱਲਾਹ ਲੜਾਕੇ ਇਸ ਇਲਾਕੇ ਵਿੱਚ ਲੁਕੇ ਹੋਏ ਸਨ। ਇਲਾਕੇ ’ਤੇ ਕਬਜ਼ੇ ਦੀ ਕਾਰਵਾਈ ਦੌਰਾਨ ਕਈ ਲੜਾਕਿਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਫੌਜ ਮੁਤਾਬਕ ਕੁਝ ਲੜਾਕੇ ਸੁਰੰਗਾਂ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਤਲਾਸ਼ੀ ਦੌਰਾਨ ਇਜ਼ਰਾਈਲੀ ਜਵਾਨਾਂ ਨੂੰ ਕਰੀਬ 12 ਲਾਸ਼ਾਂ ਵੀ ਮਿਲੀਆਂ। ਹਾਲਾਂਕਿ IDF ਦਾ ਕਹਿਣਾ ਹੈ ਕਿ ਕੁਝ ਹਿਜ਼ਬੁੱਲਾਹ ਲੜਾਕੇ ਇਲਾਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਸਕਦੇ ਹਨ।