ਤਰਨਤਾਰਨ ‘ਚ ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਮੌਤ

Top Trending News ਪੰਜਾਬ

 

ਤਰਨਤਾਰਨ ‘ਚ ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਮੌਤ

ਪੱਟੀ/ਤਰਨ ਤਾਰਨ 13 ਸਤੰਬਰ 2026

ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਘਰਿਆਲਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ 28 ਸਾਲਾ ਸੁਖਪਾਲ ਸਿੰਘ ਉਰਫ਼ ਜੱਜ ਪੁੱਤਰ ਦਰਬਾਰਾ ਸਿੰਘ ਚੱਠੂ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਦੇਹ ਘਰਿਆਲਾ-ਰਾੜੀਆਂ ਵਾਲੀ ਸੜਕ ‘ਤੇ ਪੁਲਿਸ ਚੌਂਕੀ ਤੋਂ ਕੁਝ ਹੀ ਦੂਰੀ ‘ਤੇ ਸ਼ੱਕੀ ਹਾਲਾਤ ਵਿੱਚ ਬਰਾਮਦ ਹੋਈ।

ਇਸ ਮੰਦਭਾਗੀ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ, ਮਾਤਾ ਗੁਰਮੀਤ ਕੌਰ ਅਤੇ ਹੋਰ ਰਿਸ਼ਤੇਦਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ ਲਾਇਆ ਕਿ ਨਸ਼ੇ ਦੀ ਕਾਲੀ ਛਾਂ ਨੇ ਉਨ੍ਹਾਂ ਦੇ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਸ਼ਰੇਆਮ ਫੈਲ ਚੁੱਕਾ ਹੈ ਅਤੇ ਹੁਣ ਛੋਟੇ-ਛੋਟੇ ਬੱਚੇ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ, ਜਿਸ ਨਾਲ ਸਰਕਾਰ ਦੇ ਨਸ਼ਾ-ਮੁਕਤੀ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ।

ਪੀੜਤ ਪਰਿਵਾਰ ਨੇ ਸਥਾਨਕ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕ੍ਰਿਸ਼ਨਾ ਬਸਤੀ, ਮੱਖੀ ਵਾਲੇ ਵਿਹੜੇ ਅਤੇ ਪੀਰਾਂ ਦੀ ਜਗ੍ਹਾ ਨੇੜੇ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਪੁਲਿਸ ਚੌਂਕੀ ਨੂੰ ਸਭ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲਿਸ ਦੇ ਰਵੱਈਏ ਤੋਂ ਨਿਰਾਸ਼ ਹੋ ਕੇ ਪਰਿਵਾਰ ਨੇ ਖੱਜਲ-ਖੁਆਰੀ ਤੋਂ ਬਚਣ ਲਈ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਦਾ ਫ਼ੈਸਲਾ ਕੀਤਾ ਹੈ।