Canada ਤੋਂ ਡਿਪੋਰਟ ਹੁੰਦੇ ਹੀ ਗੈਂਗਸਟਰ ਕਰਮਵੀਰ AGTF ਨੇ ਦਬੋਚਿਆ
ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ‘ਤੇ ਪੰਜਾਬ ਪੁਲਿਸ ਦਾ ਵੱਡਾ ਵਾਰ, ਗੈਂਗਸਟਰ ਲਾਰੈਂਸ ਦਾ ਸਹਿਯੋਗੀ ਗ੍ਰਿਫ਼ਤਾਰ
ਚੰਡੀਗੜ੍ਹ, 15 ਸਤੰਬਰ 2026- ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੂੰ ਇੱਕ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸਭ ਤੋਂ ਕਰੀਬੀ ਸਾਥੀ ਕਰਮਵੀਰ ਸਿੰਘ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਸ ਵੇਲੇ ਹਿਰਾਸਤ ਵਿੱਚ ਲੈ ਲਿਆ, ਜਦੋਂ ਉਸਨੂੰ ਕੈਨੇਡਾ ਤੋਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਰਮਵੀਰ ਸਿੰਘ ਨੇ ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ, ਰਹਿਣ ਲਈ ਲੁਕਣਗਾਹਾਂ ਅਤੇ ਹੋਰ ਜ਼ਰੂਰੀ ਸਾਧਨ ਮੁਹੱਈਆ ਕਰਵਾਏ ਸਨ। ਉਹ ਪੁਲਿਸ ਸਟੇਸ਼ਨ ‘ਸਟੇਟ ਕ੍ਰਾਈਮ’, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਭਾਰਤੀ ਡੰਡਾਵਲੀ (IPC), ਆਰਮਜ਼ ਐਕਟ ਅਤੇ ਪਾਸਪੋਰਟ ਐਕਟ ਦੀਆਂ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਦਰਜ ਮਾਮਲਿਆਂ ਵਿੱਚ ਲੰਬੇ ਸਮੇਂ ਤੋਂ ਲੋੜੀਂਦਾ ਸੀ। ਉਸਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਵਲੋਂ 03 ਸਤੰਬਰ 2026 ਨੂੰ ‘ਲੁੱਕ ਆਊਟ ਸਰਕੂਲਰ’ (LOC) ਵੀ ਜਾਰੀ ਕੀਤਾ ਗਿਆ ਸੀ।
ਫ਼ੜੇ ਗਏ ਮੁਲਜ਼ਮ ਦਾ ਪੁਰਾਣਾ ਅਤੇ ਖ਼ਤਰਨਾਕ ਅਪਰਾਧਿਕ ਇਤਿਹਾਸ ਰਿਹਾ ਹੈ। ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਫਿਰੌਤੀ ਵਸੂਲੀ ਅਤੇ ਆਰਮਜ਼ ਐਕਟ ਦੀ ਉਲੰਘਣਾ ਵਰਗੇ ਕਈ ਸੰਗੀਨ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀਆਂ ਅਨੁਸਾਰ, ਕਰਮਵੀਰ ਸਿੰਘ ਤੋਂ ਪੁੱਛਗਿੱਛ ਦੌਰਾਨ ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ ਇਸ ਅਪਰਾਧਿਕ ਨੈੱਟਵਰਕ, ਫੰਡਿੰਗ ਅਤੇ ਹੋਰ ਸਾਥੀਆਂ ਬਾਰੇ ਅਹਿਮ ਖ਼ੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।
ਇਸ ਪੂਰੀ ਕਾਰਵਾਈ ਦੀ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਪੰਜਾਬ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।







