- ਗਊਸ਼ਾਲਾਵਾਂ ਦੀ ਭਲਾਈ ਲਈ ਪੰਜਾਬ ਸਰਕਾ ਦੇ ਅਹਿਮ ਉਪਰਾਲੇ: ਇਲਾਜ ਲਈ 494 ਕਾਓ ਲਿਫਟਰ ਮੁਹੱਈਆ ਕਰਵਾਏ
- ਜ਼ਖ਼ਮੀ ਗਊਧਨ ਦੇ ਇਲਾਜ ਲਈ 494 ਕਾਓ ਲਿਫਟਰ ਮੁਹੱਈਆ ਕਰਵਾਏ: ਕੀਮਤੀ ਭਗਤ ਉਪ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ
- 518 ਦੇ ਕਰੀਬ ਸਰਕਾਰੀ ਤੇ ਪ੍ਰਾਈਵੇਟ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼
- ਗਊਧਨ ਦੀ ਸੇਵਾ-ਸੰਭਾਲ ਲਈ 61 ਰੁਪਏ ਪ੍ਰਤੀ ਗਊਧਨ ਪ੍ਰਤੀ ਦਿਨ ਦੇਣ ਦਾ ਫੈਸਲਾ ਜਲਦ ਹੋਵੇਗਾ ਲਾਗੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਸਤੰਬਰ: (ਦੇਸ਼ ਕਲਿੱਕ ਬਿਊਰੋ): ਪੰਜਾਬ ਗਊ ਸੇਵਾ ਕਮਿਸ਼ਨ ਦੇ ਉੱਪ ਚੇਅਰਮੈਨ ਕੀਮਤੀ ਭਗਤ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਵੱਲੋਂ ਗਊਸ਼ਾਲਾਵਾਂ ਅਤੇ ਗਊਧਨ ਦੀ ਸੇਵਾ-ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲਗਭਗ 518 ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਗਊਸ਼ਾਲਾਵਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਪੰਜਾਬ ਦੀਆਂ ਸਮੂਹ ਗਊਸ਼ਾਲਾਵਾਂ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗਊਸ਼ਾਲਾਵਾਂ ਵਿੱਚ ਰੱਖੇ ਗਊਧਨ, ਖਾਸ ਕਰਕੇ ਜ਼ਖ਼ਮੀ ਅਤੇ ਫੱਟੜ ਗਊਧਨ ਦੇ ਇਲਾਜ ਅਤੇ ਸੰਭਾਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 494 ਕਾਓ ਲਿਫਟਰ ਮੁਫ਼ਤ ਮੁਹੱਈਆ ਕਰਵਾਏ ਗਏ ਹਨ। ਇਸ ’ਤੇ ਪੰਜਾਬ ਸਰਕਾਰ ਵੱਲੋਂ ਕਰੀਬ 3.06 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਕਾਓ ਲਿਫਟਰ ਸੂਬੇ ਦੇ ਸਮੂਹ ਜ਼ਿਲ੍ਹਿਆਂ ਨੂੰ ਮੁਹੱਈਆ ਕਰਵਾਏ ਗਏ ਹਨ, ਤਾਂ ਜੋ ਲੋੜ ਪੈਣ ’ਤੇ ਜ਼ਖ਼ਮੀ ਜਾਂ ਬੇਸਹਾਰਾ ਗਊਧਨ ਨੂੰ ਸੁਰੱਖਿਅਤ ਢੰਗ ਨਾਲ ਗਊਸ਼ਾਲਾਵਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਉਸ ਦੀ ਸੇਵਾ-ਸੰਭਾਲ ਕੀਤੀ ਜਾ ਸਕੇ।
ਚੇਅਰਮੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਰੱਖੇ ਗਊਧਨ ਦੀ ਸੇਵਾ-ਸੰਭਾਲ ਲਈ 61 ਰੁਪਏ ਪ੍ਰਤੀ ਗਊਧਨ ਪ੍ਰਤੀ ਦਿਨ ਦੇਣ ਦੇ ਫੈਸਲੇ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਲੋੜੀਂਦੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਫੈਸਲਾ ਬਹੁਤ ਜਲਦ ਸੂਬੇ ਵਿੱਚ ਲਾਗੂ ਕੀਤਾ ਜਾਵੇਗਾ।
ਕੀਮਤੀ ਭਗਤ ਨੇ ਕਿਹਾ ਕਿ ਇਸ ਫੈਸਲੇ ਦੇ ਲਾਗੂ ਹੋਣ ਨਾਲ ਸੜਕਾਂ ’ਤੇ ਘੁੰਮਦੇ ਲਵਾਰਿਸ ਅਤੇ ਬੇਸਹਾਰਾ ਗਊਧਨ ਦੀ ਸੇਵਾ-ਸੰਭਾਲ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਇਆ ਜਾ ਸਕੇਗਾ ਅਤੇ ਉਨ੍ਹਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਸੁਰੱਖਿਅਤ ਥਾਂ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਊਸ਼ਾਲਾਵਾਂ ਨੂੰ ਬਿਜਲੀ ਬਿੱਲਾਂ ਤੋਂ ਰਾਹਤ ਦੇਣ, ਜ਼ਖ਼ਮੀ ਗਊਧਨ ਲਈ ਕਾਓ ਲਿਫਟਰ ਮੁਹੱਈਆ ਕਰਵਾਉਣ ਅਤੇ ਗਊਧਨ ਦੀ ਸੇਵਾ-ਸੰਭਾਲ ਲਈ ਵਿੱਤੀ ਸਹਾਇਤਾ ਦੇਣ ਵਰਗੇ ਫੈਸਲੇ ਗਊਸ਼ਾਲਾਵਾਂ ਦੀ ਕਾਰਜਕੁਸ਼ਲਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਸਾਬਤ ਹੋਣਗੇ। ਉਨ੍ਹਾਂ ਪੰਜਾਬ ਦੀਆਂ ਸਮੂਹ ਗਊਸ਼ਾਲਾਵਾਂ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।







