ਵੱਡੀ ਖ਼ਬਰ: ਗ੍ਰੇਟਰ ਨੋਇਡਾ ‘ਚ ਸਲੀਪਰ ਬੱਸ ਨੂੰ ਲੱਗੀ ਭਿਆਨਕ ਅੱਗ, 9 ਯਾਤਰੀਆਂ ਦੀ ਮੌਤ
ਗ੍ਰੇਟਰ ਨੋਇਡਾ 24 ਸਤੰਬਰ 2026
ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ਵਿੱਚ ਯਮੁਨਾ ਐਕਸਪ੍ਰੈਸਵੇਅ ’ਤੇ ਦੇਰ ਰਾਤ ਇੱਕ ਸਲੀਪਰ ਬੱਸ ਨੂੰ ਅਚਾਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਿਆ। ਹਾਦਸੇ ਵਿੱਚ 9 ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਕਈ ਲੋਕ ਜ਼ਖ਼ਮੀ ਹੋਏ ਹਨ। ਬੱਸ ਵਿੱਚ ਕਰੀਬ 35 ਯਾਤਰੀ ਸਵਾਰ ਸਨ।
ਜਾਣਕਾਰੀ ਮੁਤਾਬਕ ਬਿਹਾਰ ਨੰਬਰ ਵਾਲੀ ਸਲੀਪਰ ਬੱਸ ਗ੍ਰੇਟਰ ਨੋਇਡਾ ਤੋਂ ਆਗਰਾ ਵੱਲ ਜਾ ਰਹੀ ਸੀ। ਦਯਾਨਤਪੁਰ ਪਿੰਡ ਨੇੜੇ ਬੱਸ ਵਿੱਚੋਂ ਧੂੰਆਂ ਨਿਕਲਣ ਲੱਗਾ। ਡਰਾਈਵਰ ਨੇ ਤੁਰੰਤ ਬੱਸ ਨੂੰ ਸੜਕ ਕਿਨਾਰੇ ਰੋਕਿਆ, ਪਰ ਕੁਝ ਹੀ ਸਮੇਂ ਵਿੱਚ ਅੱਗ ਤੇਜ਼ੀ ਨਾਲ ਫੈਲ ਗਈ। ਇਸ ਦੌਰਾਨ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਕਈ ਲੋਕ ਬੱਸ ਵਿੱਚੋਂ ਬਾਹਰ ਨਿਕਲਣ ਲੱਗੇ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਕਰੀਬ ਇੱਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਕੈਲਾਸ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਸੈਲਾਨੀ ਸਵਾਰ ਸਨ ਅਤੇ ਜ਼ਿਆਦਾਤਰ ਯਾਤਰੀ ਬਜ਼ੁਰਗ, ਔਰਤਾਂ ਅਤੇ ਬੱਚੇ ਸਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਕਾਰਨ ਯਮੁਨਾ ਐਕਸਪ੍ਰੈਸਵੇਅ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ।








