ਝੋਨੇ ਦੀ ਆਮਦ ਦੇ ਮੱਦੇਨਜ਼ਰ ਪ੍ਰਸਾਸ਼ਨ ਵੱਲੋਂ ਅਧਿਕਾਰੀਆਂ ਤੇ ਆੜ੍ਹਤੀਆ ਐਸੋਸੀਏਸ਼ਨਾਂ ਨਾਲ ਮੀਟਿੰਗ
ਮੰਡੀਆਂ ਵਿੱਚ ਬਿਜਲੀ, ਸਫ਼ਾਈ, ਸੜਕਾਂ, ਸੁਰੱਖਿਆ, ਲੇਬਰ ਅਤੇ ਲਿਫਟਿੰਗ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼
ਮੋਗਾ, 24 ਸਤੰਬਰ 2026
ਝੋਨੇ ਦੀ ਆਮਦ ਦੇ ਸੀਜ਼ਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਉਣ ਦੇਣ ਲਈ ਐੱਸ.ਡੀ.ਐੱਮ. ਮੋਗਾ ਸਤਵਿੰਦਰ ਸਿੰਘ ਵੱਲੋਂ ਅੱਜ ਸਬ-ਡਵੀਜ਼ਨ ਮੋਗਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆੜ੍ਹਤੀਆ ਐਸੋਸੀਏਸ਼ਨਾਂ ਦੇ ਪ੍ਰਧਾਨਾਂ/ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੰਡੀਆਂ ਵਿੱਚ ਲੋੜੀਂਦੇ ਬੁਨਿਆਦੀ ਢਾਂਚੇ, ਬਿਜਲੀ ਸਪਲਾਈ, ਸਫ਼ਾਈ, ਸੜਕਾਂ, ਸੁਰੱਖਿਆ, ਮੈਡੀਕਲ ਸਹਾਇਤਾ, ਲੇਬਰ, ਬਾਰਦਾਨੇ, ਨਮੀ ਦੀ ਜਾਂਚ, ਕਿਸਾਨਾਂ ਦੀਆਂ ਅਦਾਇਗੀਆਂ ਅਤੇ ਝੋਨੇ ਦੀ ਲਿਫਟਿੰਗ ਸਮੇਤ ਵੱਖ-ਵੱਖ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।
ਮੀਟਿੰਗ ਦੌਰਾਨ ਐਸ.ਡੀ.ਐਮ. ਵੱਲੋਂ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਪੀ.ਡਬਲਿਊ.ਡੀ. ਵਿਭਾਗ ਨੂੰ ਮੰਡੀਆਂ ਨੂੰ ਜਾਂਦੀਆਂ ਜਿਨ੍ਹਾਂ ਸੜਕਾਂ ਦੀ ਮੁਰੰਮਤ ਦੀ ਲੋੜ ਹੈ, ਉਨ੍ਹਾਂ ਦੀ ਤੁਰੰਤ ਮੁਰੰਮਤ ਕਰਵਾਉਣ ਲਈ ਕਿਹਾ ਗਿਆ, ਤਾਂ ਜੋ ਸੀਜ਼ਨ ਦੌਰਾਨ ਵਾਹਨਾਂ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਨਾ ਆਵੇ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਸਫ਼ਾਈ ਅਤੇ ਸੈਨੀਟੇਸ਼ਨ ਦੇ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ।
ਮੰਡੀਆਂ ਵਿੱਚ ਝੋਨੇ ਦੀ ਆਮਦ ਨੂੰ ਸੁਚਾਰੂ ਬਣਾਉਣ ਲਈ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਲੋੜੀਂਦੇ ਪ੍ਰਬੰਧਾਂ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਕਿਸੇ ਵੀ ਸਮੱਸਿਆ ਦੇ ਸਾਹਮਣੇ ਆਉਂਦਿਆਂ ਹੀ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਲਈ ਕਿਹਾ ਗਿਆ। ਇਸੇ ਤਰ੍ਹਾਂ ਪੁਲਿਸ ਵਿਭਾਗ ਨੂੰ ਮੰਡੀਆਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ।
ਮੀਟਿੰਗ ਵਿੱਚ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਯਕੀਨੀ ਬਣਾਉਣ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਲੀਡ ਬੈਂਕ ਮੈਨੇਜਰ ਨੂੰ ਸਬੰਧਤ ਬੈਂਕਾਂ ਨਾਲ ਪਹਿਲਾਂ ਹੀ ਤਾਲਮੇਲ ਕਰਕੇ ਅਦਾਇਗੀਆਂ ਸਬੰਧੀ ਸੰਭਾਵਿਤ ਸਮੱਸਿਆਵਾਂ ਦਾ ਹੱਲ ਯਕੀਨੀ ਬਣਾਉਣ ਲਈ ਕਿਹਾ ਗਿਆ। ਸਿਹਤ ਵਿਭਾਗ ਨੂੰ ਲੋੜ ਅਨੁਸਾਰ ਮੈਡੀਕਲ ਸਹਾਇਤਾ ਅਤੇ ਫਾਇਰ ਵਿਭਾਗ ਨੂੰ ਮਾਰਕੀਟ ਕਮੇਟੀਆਂ ਵੱਲੋਂ ਮੰਗ ਕੀਤੇ ਜਾਣ ’ਤੇ ਹਰ ਸੰਭਵ ਸਹਿਯੋਗ ਦੇਣ ਲਈ ਨਿਰਦੇਸ਼ ਦਿੱਤੇ ਗਏ।
ਆੜ੍ਹਤੀਆ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਆਪਣੀਆਂ-ਆਪਣੀਆਂ ਮੰਡੀਆਂ ਵਿੱਚ ਐਂਟਰੀ ਪੁਆਇੰਟ ਨਿਰਧਾਰਿਤ ਕਰਨ ਲਈ ਕਿਹਾ ਗਿਆ, ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾ ਸਕਣ।
ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਝੋਨੇ ਦੀ ਰੋਜ਼ਾਨਾ ਆਮਦ ਅਤੇ ਲਿਫਟਿੰਗ ਦੀ ਰਿਪੋਰਟ ਨਿਯਮਤ ਤੌਰ ’ਤੇ ਭੇਜਣ ਅਤੇ ਸਮੂਹ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।







